ਫ਼ਾਜ਼ਿਲਕਾ, 13 ਫਰਵਰੀ (ਦਵਿੰਦਰ ਪਾਲ ਸਿੰਘ)-ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਅੱਖਾਂ ਦੇ ਮਰੀਜ਼ਾਂ ਦੀ ਸਹੂਲਤ ਲਈ ਇਕ ਵੱਡਾ ਕਦਮ ਚੁੱਕਦਿਆਂ ਐਂਪੈਨਲ ਕੀਤੇ ਅੱਖਾਂ ਦੇ ਮਾਹਿਰ ਡਾ. ਕਵਲਜੀਤ ਅਬਰੋਲ ਵਲੋਂ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਸ ਸੰਬੰਧੀ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਇਸ ਨਵੀਂ ਨਿਯੁਕਤੀ ਨਾਲ ਹੁਣ ਜ਼ਿਲ੍ਹਾ ਵਾਸੀਆਂ ਨੂੰ ਅੱਖਾਂ ਦੇ ਇਲਾਜ ਅਤੇ ਜਾਂਚ ਲਈ ਸ਼ਹਿਰ ਤੋਂ ਬਾਹਰ ਮਹਿੰਗੇ ਹਸਪਤਾਲਾਂ 'ਚ ਜਾਣ ਦੀ ਲੋੜ ਨਹੀਂ ਪਵੇਗੀ | ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਅੱਖਾਂ ਦੇ ਮਾਹਿਰ ਦੇ ਜੁੜਨ ਨਾਲ ਸਿਹਤ ਸੇਵਾਵਾਂ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੋਣਗੀਆਂ | ਡਾ. ਕਵਲਜੀਤ ਅਬਰੋਲ ਹਸਪਤਾਲ 'ਚ ਅੱਖਾਂ ਦੀ ਜਾਂਚ, ਨਜ਼ਰ ਦੀ ਕਮਜ਼ੋਰੀ, ਮੋਤੀਆਬਿੰਦ, ਕਾਲਾ ਮੋਤੀਆ ਅਤੇ ਅੱਖਾਂ ਦੀ ਇਨਫੈਕਸ਼ਨ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਇਲਾਜ ਕਰਨਗੇ | ਇਸ ਦੇ ਨਾਲ ਹੀ ਜ਼ਰੂਰਤ ਪੈਣ 'ਤੇ ਮਰੀਜ਼ਾਂ ਨੂੰ ਉੱਚ ਦਰਜੇ ਦੇ ਹਸਪਤਾਲਾਂ ਵਿਚ ਰੈਫ਼ਰ ਕਰਨ ਦੀ ਸਹੂਲਤ ਵੀ ਦਿੱਤੀ ਜਾਵੇਗੀ | ਡਾ. ਅਬਰੋਲ ਨੇ ਵਿਸ਼ੇਸ਼ ਤÏਰ 'ਤੇ ਬਜ਼ੁਰਗਾਂ ਤੇ ਸ਼ੂਗਰ ਦੇ ਮਰੀਜ਼ਾਂ ਨੂੰ ਸਮੇਂ-ਸਮੇਂ 'ਤੇ ਅੱਖਾਂ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਹੈ | ਸੀਨੀਅਰ ਮੈਡੀਕਲ ਅਫ਼ਸਰ ਡਾ. ਏਰਿਕ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਇੱਕੋ ਛੱਤ ਹੇਠ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਨਾਲ ਸੰਬੰਧਿਤ ਕਿਸੇ ਵੀ ਸਮੱਸਿਆ ਲਈ ਸਰਕਾਰੀ ਹਸਪਤਾਲ ਵਿਚ ਆ ਕੇ ਮੁਫ਼ਤ ਇਲਾਜ ਦੀ ਸਹੂਲਤ ਦਾ ਲਾਭ ਉਠਾਉਣ | ਹਸਪਤਾਲ ਪ੍ਰਬੰਧਨ ਨੇ ਭਰੋਸਾ ਦਿਵਾਇਆ ਹੈ ਕਿ ਮਰੀਜ਼ਾਂ ਦੀ ਸਹੂਲਤ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ |