ਅਬੋਹਰ, 13 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਮੂਲ ਵਾਸੀ ਡਾ. ਪਰਮਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਜੋ ਕਿ ਇਸ ਸਮੇਂ ਦੇਵ ਸਮਾਜ ਕਾਲਜ ਫ਼ਾਰ ਵਿਮੈਨ ਚੰਡੀਗੜ੍ਹ 'ਚ ਅੰਗਰੇਜ਼ੀ ਵਿਭਾਗ ਦੇ ਵਿਚ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ | ਉਨ੍ਹਾਂ ਨੇ ਚੰਡੀਗੜ੍ਹ ਸਾਹਿੱਤ ਅਕੈਡਮੀ ਵਲੋਂ ਜਾਰੀ ਕੀਤੀ ਜਾਣ ਵਾਲੀ ਗਰਾਂਟ 'ਚ ਜਿੱਤ ਹਾਸਿਲ ਕੀਤੀ ਹੈ, ਜਿਸ ਨੂੰ ਉਹ ਆਪਣੀ ਪੰਜਾਬੀ ਗ਼ਜ਼ਲਾਂ ਦੀ ਪਲੇਠੀ ਪੁਸਤਕ 'ਇਬਾਦਤਨਾਮਾ' ਨੂੰ ਛਪਵਾਉਣ ਲਈ ਇਸਤੇਮਾਲ ਕਰਨਗੇ | ਇਸ ਸੰਬੰਧੀ ਪਰਮਿੰਦਰ ਸਿੰਘ ਅਜ਼ੀਜ਼ ਨੇ ਦੱਸਿਆ ਕਿ ਚੰਡੀਗੜ੍ਹ ਸਾਹਿੱਤ ਅਕੈਡਮੀ ਵਲੋਂ ਜਾਰੀ ਕੀਤੀ ਗਈ 25 ਹਜ਼ਾਰ ਰੁਪਏ ਦੀ ਇਹ ਗਰਾਂਟ ਉਨ੍ਹਾਂ ਨੂੰ ਅਕੈਡਮੀ ਦੇ ਹੋਣ ਵਾਲੇ ਸਮਾਗਮ ਵਿਚ ਜਾਰੀ ਕੀਤੇ ਜਾਣਗੇ, ਜਿਸ ਸੰਬੰਧੀ ਫ਼ਿਲਹਾਲ ਸੂਚੀ ਜਾਰੀ ਕਰ ਦਿੱਤੀ ਗਈ ਹੈ | ਪਰਮਿੰਦਰ ਸਿੰਘ ਅਜ਼ੀਜ਼ ਨੂੰ ਪੰਜਾਬੀ, ਅੰਗਰੇਜ਼ੀ, ਉਰਦੂ ਤੇ ਹਿੰਦੀ ਭਾਸ਼ਾਵਾਂ ਵਿਚ ਕਵਿਤਾ, ਕਹਾਣੀ ਅਤੇ ਅਨੁਵਾਦ ਕਰਨ ਦੀ ਮੁਹਾਰਤ ਹਾਸਿਲ ਹੈ, ਜਿਸ ਤਹਿਤ ਚੰਡੀਗੜ੍ਹ ਸਾਹਿੱਤ ਅਕੈਡਮੀ ਵਲੋਂ ਉਨ੍ਹਾਂ ਦੀ ਖ਼ਾਸ ਕਾਬਲੀਅਤ ਨੂੰ ਧਿਆਨ ਵਿਚ ਰੱਖਦੇ ਹੋਏ ਉਕਤ ਗਰਾਂਟ ਰਾਸ਼ੀ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ |