ਅਬੋਹਰ, 13 ਫਰਵਰੀ (ਵਿਵੇਕ ਹੂੜੀਆ)-ਸਥਾਨਕ ਫਲਾਵਰ ਵੈਲੀ ਪਬਲਿਕ ਸਕੂਲ ਵਿਖੇ ਸਾਲਾਨਾ ਖੇਡ ਮੇਲਾ (ਸਪੋਰਟਸ ਮੀਟ) ਮਨਾਇਆ | ਇਸ ਮੌਕੇ ਸਕੂਲ ਦੀ ਪ੍ਰਬੰਧਕ ਮਨਜੀਤ ਕੌਰ ਪੋਪਲੀ ਤੇ ਡਾਇਰੈਕਟਰ ਸਰਬਜੀਤ ਪੋਪਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਕੂਲ ਪਰਿਵਾਰ ਵਲੋਂ ਨਿੱਘਾ ਸਵਾਗਤ ਕੀਤਾ | ਖੇਡ ਮੇਲੇ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ, ਜਿਸ 'ਚ ਬੱਚਿਆਂ ਨੇ ਏਕਤਾ ਅਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ | ਇਸ ਤੋਂ ਬਾਅਦ ਹੋਏ ਪੀ. ਟੀ. ਸ਼ੋਅ ਦੀਆਂ ਤਾਲਮੇਲ ਭਰੀਆਂ ਗਤੀਵਿਧੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਮੈਦਾਨ 'ਚ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਲਈ ਟਾਵਰ ਮੇਕਿੰਗ, ਥ੍ਰੀ-ਲੈੱਗ ਰੇਸ, ਫਰੌਗ ਰੇਸ, ਲੈਮਨ ਰੇਸ, ਹਰਡਲ ਰੇਸ, ਰੱਸਾਕਸ਼ੀ (ਟਗ ਆਫ਼ ਵਾਰ), ਸ਼ਾਟਪੁੱਟ, ਡਿਸਕਸ ਥਰੋਅ, 100 ਮੀਟਰ ਦੌੜ ਤੇ ਮਟਕੀ ਦੌੜ ਵਰਗੇ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਨੇ ਪੂਰੀ ਖੇਡ ਭਾਵਨਾ ਨਾਲ ਇਨ੍ਹਾਂ ਮੁਕਾਬਲਿਆਂ 'ਚ ਹਿੱਸਾ ਲਿਆ | ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਖਿਡਾਰੀਆਂ ਨੂੰ ਮੁੱਖ ਮਹਿਮਾਨਾਂ ਵਲੋਂ ਤਗਮੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਦੇ ਨਾਲ ਹੀ ਸਾਲਾਨਾ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ | ਪਿ੍ੰਸੀਪਲ ਰੇਣੂ ਪੋਪਲੀ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ | ਮੁੱਖ ਮਹਿਮਾਨਾਂ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਆਯੋਜਨਾਂ ਨਾਲ ਬੱਚਿਆਂ 'ਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ | ਸਮਾਗਮ ਦਾ ਸਮਾਪਨ ਰਾਸ਼ਟਰੀ ਗਾਣ ਨਾਲ ਕੀਤਾ |