ਬੱਲੂਆਣਾ, 13 ਫਰਵਰੀ (ਜਸਮੇਲ ਸਿੰਘ ਢਿੱਲੋਂ)-ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਵੈਨਾਂ ਪ੍ਰਤੀ ਸੁਚੇਤ ਰਹਿਣ ਦੀ ਵੱਡੀ ਲੋੜ ਹੈ ਅਤੇ ਵੈਨ ਮਾਲਕ ਅਤੇ ਸੰਬੰਧਿਤ ਸਕੂਲ ਨੂੰ ਵੀ ਕਾਨੂੰਨੀ ਸ਼ਰਤਾਂ ਕਾਇਮ ਰੱਖਣੀਆਂ ਚਾਹੀਦੀਆਂ ਹਨ | ਇਹ ਪ੍ਰਗਟਾਵਾ ਨਵ-ਨਿਯੁਕਤ ਐਜੂਕੇਸ਼ਨ ਕੋਆਰਡੀਨੇਟਰ ਦਵਿੰਦਰ ਸਿੰਘ ਧਾਲੀਵਾਲ ਨੇ ਬੀਤੇ ਦਿਨੀਂ ਸਕੂਲ ਦੀ ਵੈਨ ਪਲਟਣ ਨਾਲ ਹੋਈ ਇਕ ਨੌਜਵਾਨ ਬੱਚੀ ਦੀ ਦਰਦਨਾਕ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸੰਬੰਧਿਤ ਅਧਿਕਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਸਮੇਂ-ਸਮੇਂ 'ਤੇ ਸਕੂਲ ਵੈਨਾਂ ਦਾ ਮੁਆਇਨਾ ਕਰਦੇ ਰਹਿਣ, ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ | ਧਾਲੀਵਾਲ ਨੇ ਫ਼ਾਜ਼ਿਲਕਾ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਸੰਧੂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਦੇ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਸਕੂਲ ਮਾਲਕਾਂ ਨੂੰ ਵੈਨਾਂ ਪ੍ਰਤੀ ਸੁਚੇਤ ਰਹਿਣ ਦੀਆਂ ਸਖ਼ਤ ਹਦਾਇਤਾਂ ਕਰਨ | ਉਨ੍ਹਾਂ ਕਿਹਾ ਕਿ 5 ਸਾਲ ਤੋਂ ਵੱਧ ਪੁਰਾਣੀਆਂ ਵੈਨਾਂ 'ਤੇ ਵੀ ਪਾਬੰਦੀ ਲਗਾਉਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਅਣਸੁਖਾਂਵੀ ਘਟਨਾ ਨਾ ਵਾਪਰੇ, ਜਿਸ ਨਾਲ ਕਿ ਬੱਚਿਆਂ ਦੇ ਮਾਪਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਵੇ |