24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਪਾਰਟੀ ਨੇ ਹੁਕਮ ਕੀਤਾ ਤਾਂ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਚੋਣ ਜ਼ਰੂਰ ਲੜਾਂਗਾ-ਸੰਧੂ

ਅਜੀਤ ਡੈਸਕ 16-02-2026
ਫ਼ਾਜ਼ਿਲਕਾ, 15 ਫਰਵਰੀ (ਦਵਿੰਦਰ ਪਾਲ ਸਿੰਘ)-ਪਾਰਟੀ ਹਾਈਕਮਾਨ ਨੇ ਹੁਕਮ ਕੀਤਾ ਤਾਂ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਜ਼ਰੂਰ ਚੋਣ ਲੜਾਂਗਾ | ਪਾਰਟੀ ਵਰਕਰ 'ਤੇ ਉਨ੍ਹਾਂ ਦੇ ਹਮਾਇਤੀ ਉਨ੍ਹਾਂ ਨੂੰ ਚੋਣ ਲੜਨ ਦਾ ਐਲਾਨ ਕਰਨ ਵਿਚ ਦਬਾਅ ਪਾਉਂਦੇ ਹਨ ਪਰ ਟਿਕਟ ਦਾ ਫ਼ੈਸਲਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰਨਾ ਹੈ | ਇਹ ਪ੍ਰਗਟਾਵਾ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧਿਤ ਨੌਜਵਾਨ ਮਿਹਨਤੀ ਆਗੂ ਜੈਸਰਤ ਸਿੰਘ ਸੰਧੂ ਖੁੜੰਜ ਨੇ 'ਅਜੀਤ' ਦੇ ਸਥਾਨਕ ਉਪ ਦਫ਼ਤਰ ਵਿਖੇ ਵਿਸ਼ੇਸ਼ ਗੱਲਬਾਤ ਦੌਰਾਨ ਕਹੇ | ਉਨ੍ਹਾਂ ਕਿਹਾ ਕਿ ਪਹਿਲਾ ਪਾਰਟੀ ਨੇ ਯੂਥ ਅਕਾਲੀ ਦਲ ਦੇ ਅੰਦਰ ਸੇਵਾ ਕਰਨ ਲਈ ਕਈ ਥਾਵਾਂ 'ਤੇ ਡਿਊਟੀ ਲਗਾਈ, ਫਿਰ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਉੱਚ ਅਹੁਦੇ 'ਤੇ ਸੇਵਾ ਕਰਨ ਦਾ ਪਾਰਟੀ ਨੇ ਮੌਕਾ ਦਿੱਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਮੁੱਢ-ਕਦੀਮ ਤੋਂ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਹੁਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਸ ਵੀ ਹਲਕੇ ਵਿਚ ਉਨ੍ਹਾਂ ਦੀ ਡਿਊਟੀ ਲਗਾਈ ਉਨ੍ਹਾਂ ਨੇ ਉਥੇ ਤਨਦੇਹੀ ਨਾਲ ਕੰਮ ਕੀਤਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਪਹਿਲਾਂ ਖ਼ੁਦ ਜਲਾਲਾਬਾਦ ਹਲਕੇ ਤੋਂ ਚੋਣ ਲੜਦੇ ਆ ਰਹੇ ਹਨ, ਇਸ ਵਾਰ ਉਨ੍ਹਾਂ ਵਲੋਂ ਇਸ ਹਲਕੇ ਤੋਂ ਚੋਣ ਨਾ ਲੜਨ ਦੇ ਦਿੱਤੇ ਸੰਕੇਤ ਤੋਂ ਬਾਅਦ ਪਾਰਟੀ ਦਾ ਫ਼ੈਸਲਾ ਉਨ੍ਹਾਂ ਲਈ ਸਿਰ ਮੱਥੇ ਪ੍ਰਵਾਨ ਹੋਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪਿਛਲੇ 10 ਸਾਲਾਂ ਤੋਂ ਵਿਕਾਸ ਨੂੰ ਤਰਸ ਰਹੇ ਹਨ | ਉਨ੍ਹਾਂ ਕਿਹਾ ਕਿ ਪਹਿਲਾਂ 5 ਸਾਲ ਕਾਂਗਰਸ ਪਾਰਟੀ ਨੇ ਸਰਕਾਰ ਚਲਾਉਂਦਿਆਂ ਪੰਜਾਬ ਦਾ ਕੋਈ ਭਲਾ ਨਹੀਂ ਕੀਤਾ ਅਤੇ ਹੁਣ ਸਾਢੇ 4 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਮਾੜੀ ਹਾਲਤ ਵਿਚ ਛੱਡ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੇ ਵਿਕਾਸ ਲਈ ਇਹ ਸਰਕਾਰਾਂ ਕੁੱਝ ਨਹੀਂ ਕਰ ਸਕੀਆਂ | ਲੋਕ ਹੁਣ ਤਾਂ ਹੀ ਜਲਦੀ ਚੋਣਾਂ ਲਈ ਉਤਾਵਲੇ ਹਨ ਤੇ ਦੂਸਰੀਆਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ ਅਤੇ ਅਕਾਲੀ ਦਲ ਦਾ ਪੂਰਨ ਸਾਥ ਦੇ ਰਹੇ ਹਨ |
ਪਿਛਲੀ ਖ਼ਬਰ ਦਿੱਲੀ ਪਬਲਿਕ ਸਕੂਲ ਅਬੋਹਰ 'ਚ ਯਾਦਗਾਰੀ ਹੋਰ ਨਿੱਬੜਿਆ ਬੱਚਿਆਂ ਦਾ 2026 ਕਾਰਨੀਵਲ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡਾਂ 'ਚ ਮੈਂਬਰਸ਼ਿਪ ਮੁਹਿੰਮ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।