ਫ਼ਾਜ਼ਿਲਕਾ, 17 ਫਰਵਰੀ (ਦਵਿੰਦਰ ਪਾਲ ਸਿੰਘ)-ਸੈਂਟਰ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀਆਂ ਸਾਲਾਨਾ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋ ਗਈਆਂ ਹਨ | ਫ਼ਾਜ਼ਿਲਕਾ ਸ਼ਹਿਰ ਅੰਦਰ ਸੀ. ਬੀ. ਐੱਸ. ਈ. ਦੀ 10ਵੀਂ ਜਮਾਤ ਦੀ ਪ੍ਰੀਖਿਆ ਲਈ ਤਿੰਨ ਪ੍ਰੀਖਿਆ ਕੇਂਦਰ ਜਿਨ੍ਹਾਂ 'ਚ ਹੋਲੀ ਹਾਰਟ ਡੇਅ ਬੋਰਡਿੰਗ ਸਕੂਲ, ਸਰਵਹਿੱਤਕਾਰੀ ਵਿੱਦਿਆ ਮੰਦਰ, ਡੀ.ਏ.ਵੀ.ਸੀਨੀਅਰ ਸੈਕੰਡਰੀ ਸਕੂਲ ਬਣਾਏ ਗਏ ਸਨ | ਜਿਥੇ ਫ਼ਾਜ਼ਿਲਕਾ ਤਹਿਸੀਲ ਨਾਲ ਸੰਬੰਧਿਤ ਸੀ. ਬੀ. ਐੱਸ. ਈ. ਸਕੂਲਾਂ ਦੇ ਵਿਦਿਆਰਥੀਆਂ ਨੇ 10ਵੀਂ ਜਮਾਤ ਦਾ ਹਿਸਾਬ ਵਿਸ਼ੇ ਦਾ ਪੇਪਰ ਦਿੱਤਾ | ਫ਼ਾਜ਼ਿਲਕਾ ਅੰਦਰ ਇਹ ਪ੍ਰੀਖਿਆ ਬੜੇ ਸੁਖਾਵੇਂ ਮਾਹੌਲ 'ਚ ਹੋਈ | ਦੁਪਹਿਰ ਸਮੇਂ ਪੇਪਰ ਖ਼ਤਮ ਹੋਣ ਸਮੇਂ ਸਕੂਲਾਂ ਦੇ ਬਾਹਰ ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ | ਜਦ ਵਿਦਿਆਰਥੀ ਪ੍ਰੀਖਿਆ ਦੇ ਕੇ ਬਾਹਰ ਆਏ ਤਾਂ ਉਨ੍ਹਾਂ ਦੇ ਚਿਹਰੇ ਖਿੜੇ ਹੋਏ ਸਨ | ਵਿਦਿਆਰਥੀਆਂ ਮੁਤਾਬਿਕ ਹਿਸਾਬ ਵਿਸ਼ੇ ਦਾ ਪੇਪਰ ਉਨ੍ਹਾਂ ਨੇ ਆਸਾਨੀ ਨਾਲ ਹੱਲ ਕਰ ਲਿਆ | ਉਨ੍ਹਾਂ ਅਨੁਸਾਰ ਸਿਲੇਬਸ ਅਨੁਸਾਰ ਪ੍ਰਸ਼ਨ ਪੱਤਰ ਪ੍ਰਾਪਤ ਹੋਏ | ਜਿਨ੍ਹਾਂ ਵਿਚ ਆਬਜੈਕਟਿਵ ਤੇ ਛੋਟੇ ਪ੍ਰਸ਼ਨ ਵੀ ਸੌਖੇ ਸਨ ਜਦਕਿ ਲੰਬੇ ਪ੍ਰਸ਼ਨਾਂ ਲਈ ਕੁੱਝ ਧਿਆਨ ਦੇਣ ਦੀ ਜ਼ਰੂਰਤ ਪਈ ਤੇ ਸਮੇਂ ਅਨੁਸਾਰ ਪੇਪਰ ਵੀ ਹੱਲ ਹੋ ਗਿਆ | ਉਥੇ ਹੀ ਵਿਦਿਆਰਥੀਆਂ ਦੇ ਪੁੱਜੇ ਅਧਿਆਪਕਾਂ ਨੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕਰਦਿਆਂ ਅਗਲੇ ਪੇਪਰ ਲਈ ਪੂਰਾ ਧਿਆਨ ਦੇਣ ਲਈ ਕਿਹਾ | ਪ੍ਰੀਖਿਆ ਕੇਂਦਰਾਂ ਦੇ ਬਾਹਰ ਪੂਰਨ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ | ਪ੍ਰੀਖਿਆ ਕੇਂਦਰਾਂ ਦੇ ਆਸ-ਪਾਸ ਬਿਲਕੁਲ ਸ਼ਾਂਤੀਪੂਰਵਕ ਮਾਹੌਲ ਬਣਿਆ ਹੋਇਆ ਸੀ | ਇਸ ਦੇ ਨਾਲ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਬੱਚੇ ਸਾਰਾ ਸਾਲ ਮਿਹਨਤ ਕਰਦੇ ਹਨ ਅਤੇ ਕਈ ਵਾਰ ਪ੍ਰੀਖਿਆ ਪ੍ਰਸ਼ਨ ਪੱਤਰ ਇਸ ਅਨੁਸਾਰ ਆਉਂਦਾ ਹੈ ਕਿ ਵਿਦਿਆਰਥੀਆਂ ਦੇ ਹੌਸਲੇ ਢਹਿ ਜਾਂਦੇ ਹਨ | ਘਬਰਾਹਟ 'ਚ ਆ ਕੇ ਉਹ ਆਉਂਦਾ ਪੇਪਰ ਵੀ ਹੱਲ ਨਹੀਂ ਕਰ ਸਕਦੇ | ਉਨ੍ਹਾਂ ਨੇ ਆਸ ਪ੍ਰਗਟਾਈ ਕੀ ਬਾਕੀ ਦੇ ਪੇਪਰ ਵੀ ਬੱਚੇ ਬੜੀ ਮਿਹਨਤ 'ਤੇ ਲਗਨ ਨਾਲ ਇਸੇ ਤਰ੍ਹਾਂ ਦੇਣ ਵਿਚ ਕਾਮਯਾਬ ਹੋਣਗੇ |