ਫ਼ਾਜ਼ਿਲਕਾ, 17 ਫਰਵਰੀ (ਦਵਿੰਦਰ ਪਾਲ ਸਿੰਘ)-ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੀਆਂ ਹਦਾਇਤਾਂ ਅਨੁਸਾਰ ਬਾਲ ਭਿੱਖਿਆ ਖ਼ਿਲਾਫ਼ ਪ੍ਰਾਜੈਕਟ ਜੀਵਨ ਜੋਤ 2.0 ਨੂੰ ਜ਼ਿਲ੍ਹੇ ਵਿਖੇ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਫ਼ਾਜ਼ਿਲਕਾ ਅਨੂਪਿ੍ਆ ਸਿੰਘ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਫ਼ਾਜ਼ਿਲਕਾ ਵਲੋਂ ਸਬ-ਡਵੀਜ਼ਨਲ ਪੱਧਰੀ ਟੀਮ ਦੇ ਸਹਿਯੋਗ ਨਾਲ ਮਿਲ ਕੇ ਬਾਲ ਭਿੱਖਿਆ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਲਗਾਤਾਰ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ | ਫ਼ਾਜ਼ਿਲਕਾ 'ਚ ਬਾਲ ਭਿਖਾਰੀਆਂ ਨੂੰ ਰੈਸਕਿਊ ਕਰਨ ਲਈ ਗਊਸ਼ਾਲਾ ਰੋਡ, ਬੱਸ ਅੱਡਾ, ਘੰਟਾ ਘਰ ਚੌਕ, ਰੇਲਵੇ ਸਟੇਸ਼ਨ ਰੋਡ, ਸਬਜ਼ੀ ਮੰਡੀ, ਸ਼ਾਸਤਰੀ ਚੌਕ, ਨਹਿਰੂ ਪਾਰਕ, ਮੇਨ ਬਾਜ਼ਾਰ ਵਿਖੇ ਭਿੱਖਿਆ ਮੰਗ ਰਹੇ ਬੱਚਿਆਂ ਦੀ ਭਾਲ ਕੀਤੀ ਗਈ | ਚੈਕਿੰਗ ਟੀਮ 'ਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਿਤੂ ਬਾਲਾ ਵੀ ਸ਼ਾਮਿਲ ਸਨ | ਬੱਚੇ ਜਿਨ੍ਹਾਂ ਦੀ ਉਮਰ ਤਕਰੀਬਨ ਇਕ ਸਾਲ ਤੋਂ ਲੈ ਕੇ ਛੇ ਸਾਲ ਤੱਕ ਦੀ ਸੀ ਅਤੇ ਛੋਟੇ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਗੋਦ 'ਚ ਚੁੱਕ ਕੇ ਭੀਖ ਮੰਗ ਰਹੀਆਂ ਸਨ | ਬਾਲ ਭਿੱਖਿਆ ਸੰਬੰਧੀ ਚੈਕਿੰਗ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਨੂਪਿ੍ਆ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਿਤੂ ਬਾਲਾ ਅਤੇ ਬਾਲ ਸੁਰੱਖਿਆ ਅਫ਼ਸਰ ਰਣਵੀਰ ਕੌਰ, ਕੌਸ਼ਲ, ਅਜੈ ਸ਼ਰਮਾ ਨੇ ਬੱਚਿਆਂ ਦੀਆਂ ਮਾਤਾਵਾਂ ਦੀ ਕਾਊਾਸਲਿੰਗ ਕੀਤੀ ਤੇ ਉਨ੍ਹਾਂ ਨੂੰ ਬਾਲ ਭਲਾਈ ਕਮੇਟੀ ਵਿਖੇ ਪੇਸ਼ ਕੀਤਾ | ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਿਤੂ ਬਾਲਾ ਨੇ ਦੱਸਿਆ ਕਿ ਪ੍ਰਾਜੈਕਟ ਜੀਵਨ ਕੇ ਜੋਤ 2.0 ਤਹਿਤ ਲਗਾਤਾਰ ਹੀ ਬਾਲ ਭਿੱਖਿਆ ਸੰਬੰਧੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ 2026 ਵਿਚ ਹੁਣ ਤੱਕ ਕੁੱਲ 08 ਬੱਚਿਆਂ ਨੂੰ ਬਾਲ ਭਿੱਖਿਆ ਤੋਂ ਹਟਾ ਕੇ ਸਿੱਖਿਆ ਨਾਲ ਜੋੜਿਆ ਜਾ ਚੁੱਕਿਆ ਹੈ | ਚੈਕਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਟੀਮ ਵਲੋਂ ਆਮ ਜਨਤਾ ਨੂੰ ਦੱਸਿਆ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਨਾ ਮੰਗਵਾਉਣ ਤੇ ਮਜ਼ਦੂਰੀ ਨਾ ਕਰਵਾਉਣ, ਜੇ ਕੋਈ ਬੱਚਾ ਬਾਲ ਭਿੱਖਿਆ ਕਰਦੇ ਹੋਏ ਪਾਇਆ ਜਾਂਦਾ ਹੈ ਤਾਂ ਬਾਲ ਸੁਰੱਖਿਆ ਦਫ਼ਤਰ ਫ਼ਾਜ਼ਿਲਕਾ ਨੂੰ ਸੂਚਿਤ ਕੀਤਾ ਜਾਵੇ |