ਫ਼ਾਜ਼ਿਲਕਾ, 17 ਫਰਵਰੀ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਫ਼ਾਜ਼ਿਲਕਾ ਪੁਲਿਸ ਨੇ ਕੁੱਟਮਾਰ ਕਰਨ ਵਾਲੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੁੱਚਾ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਨਵਾਂ ਹਸਤਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਤੇ ਉਸ ਦੀਆਂ ਪੰਜ ਲੜਕੀਆਂ ਹਨ | ਉਸ ਦੇ ਕੋਲ ਉਸ ਦੀ ਲੜਕੀ ਗੁਰਵਿੰਦਰ ਕੌਰ ਰਹਿੰਦੀ ਹੈ | ਉਸ ਦੀ ਦੂਜੀ ਲੜਕੀ ਕੁਲਵਿੰਦਰ ਕੌਰ ਦੀ ਨਨਾਣ ਦਾ ਵਿਆਹ ਸੀ, ਜਿਸ ਕਰਕੇ ਉਹ ਤੇ ਉਸ ਦਾ ਭਰਾ ਉਨ੍ਹਾਂ ਦੇ ਘਰ ਗਏ ਹੋਏ ਸੀ | ਜਦੋਂ ਉਹ ਰੋਟੀ ਪਾਣੀ ਖਾ ਕੇ ਨਲਕੇ 'ਤੇ ਖੜ੍ਹ ਕੇ ਹੱਥ ਧੋ ਰਹੇ ਸੀ ਤਾਂ ਹਰਪ੍ਰੀਤ ਸਿੰਘ ਉਰਫ਼ ਗੋਰੀ ਪੁੱਤਰ ਬਲਵੰਤ ਸਿੰਘ ਵਾਸੀ ਗੱਟੀ ਨੰਬਰ 1, ਕਰਨ ਪੁੱਤਰ ਵਿਜੈ ਕੁਮਾਰ ਵਾਸੀ ਬਹਿਰਾਮ ਫਗਵਾੜਾ, ਲਵਪ੍ਰੀਤ ਕੁਮਾਰ ਵਾਸੀ ਬਹਿਰਾਮ ਫਗਵਾੜਾ, ਜੈਸਮੀਨ ਪਤਨੀ ਹਰਪ੍ਰੀਤ ਸਿੰਘ ਵਾਸੀ ਗੱਟੀ ਨੰਬਰ 1 ਫ਼ਾਜ਼ਿਲਕਾ, ਕੁਲਵਿੰਦਰ ਕੌਰ ਪਤਨੀ ਬਲਵੰਤ ਸਿੰਘ ਵਾਸੀ ਗੱਟੀ ਨੰਬਰ 1 ਫ਼ਾਜ਼ਿਲਕਾ ਤੇ ਜਸਪ੍ਰੀਤ ਉਰਫ਼ ਪ੍ਰੀਤੀ ਪੁੱਤਰ ਵਿਜੈ ਕੁਮਾਰ ਵਾਸੀ ਬਹਿਰਾਮ ਫਗਵਾੜਾ ਨੇ ਹਮਮਸ਼ਵਰਾ ਹੋ ਕੇ ਘਰ ਅੰਦਰ ਦਾਖਲ ਹੋ ਕੇ ਉਸ ਦੇ ਅਤੇ ਉਸ ਦੇ ਭਰਾ ਦੇ ਸੱਟਾਂ ਮਾਰੀਆਂ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |