ਫ਼ਾਜ਼ਿਲਕਾ, 17 ਫਰਵਰੀ (ਦਵਿੰਦਰ ਪਾਲ ਸਿੰਘ)-ਥਾਣਾ ਸਾਈਬਰ ਕ੍ਰਾਈਮ ਫ਼ਾਜ਼ਿਲਕਾ ਪੁਲਿਸ ਨੇ ਇਕ ਵਿਅਕਤੀ ਦਾ ਬੈਂਕ ਖਾਤਾ ਵਰਤ ਕੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਮਨਦੀਪ ਸਿੰਘ ਉਰਫ਼ ਦੀਪਾ ਪੁੱਤਰ ਸੁੰਦਰ ਸਿੰਘ ਵਾਸੀ ਗਿੱਦੜਾ ਵਾਲੀ ਨੇ ਸ਼ਿਕਾਇਤ ਦਿੱਤੀ ਕਿ ਉਸ ਨੇ ਸਾਲ 2016/17 ਵਿਚ ਆਪਣੇ ਨਾਂਅ ਪਰ ਕੰਪਨੀ ਵੋਲਟਾਸ ਫ਼ਰਿਜਾਂ ਦਾ ਸਰਵਿਸ ਸੈਂਟਰ ਲਿਆ ਸੀ ਤੇ ਜੈਨ ਨਗਰੀ ਨੇੜੇ ਨਾਗਪਾਲ ਹਸਪਤਾਲ ਅਬੋਹਰ ਵਿਖੇ ਇਲੈਕਟਰੋ ਵਰਲਡ ਦੇ ਨਾਂਅ 'ਤੇ ਦੁਕਾਨ ਬਣਾਈ ਸੀ | ਉਸ ਨੇ ਆਪਣੇ ਕਾਰੋਬਾਰ ਲਈ ਇਕ ਕਰੰਟ ਖਾਤਾ ਕੈਨਰਾ ਬੈਂਕ ਅਬੋਹਰ ਤੋਂ ਖੁਲ੍ਹਵਾਇਆ ਸੀ | ਹਰਸ਼ਵੀਰ ਸਿੰਘ ਪੁੱਤਰ ਵੇਦ ਪ੍ਰਕਾਸ਼ ਵਾਸੀ ਗਿੱਦੜਾ ਵਾਲੀ ਉਸ ਦੇ ਪਿੰਡ ਦਾ ਹੋਣ ਕਰਕੇ ਉਸ ਨੂੰ ਅਕਸਰ ਮਿਲਦਾ ਸੀ ਤੇ ਉਸ ਦੇ ਨਾਲ ਰਾਜਨ ਪੁੱਤਰ ਅਵਿਨਾਸ਼ ਚੰਦਰ ਵਾਸੀ ਸੱਪਾਵਾਲੀ ਵੀ ਹੁੰਦਾ ਸੀ | ਦਸੰਬਰ 2024 'ਚ ਇਨ੍ਹਾਂ ਨੇ ਬੱਸ ਸਟੈਂਡ ਗਿੱਦੜਾ ਵਾਲੀ ਵਿਖੇ ਮੁੱਦਈ ਨੂੰ ਮਿਲ ਕੇ ਕਿਹਾ ਕਿ ਉਨ੍ਹਾਂ ਨੇ ਬਾਹਰਲੇ ਦੇਸ਼ ਰਿਸ਼ਤੇਦਾਰ ਨੂੰ ਐਮਰਜੈਂਸੀ ਪੈਸੇ ਭੇਜਣੇ ਹਨ, ਜਿਸ ਲਈ ਉਨ੍ਹਾਂ ਨੂੰ ਕਰੰਟ ਖਾਤੇ ਤੇ ਸਿਮ ਦੀ ਜ਼ਰੂਰਤ ਹੈ | ਇਹ ਦੋਵੇਂ ਆਪਣੇ ਹੋਰ ਸਾਥੀਆਂ ਮਕੁਲ ਕੁਮਾਰ, ਹਿਮਾਂਸ਼ੂ ਵਾਸੀ ਅਬੋਹਰ ਤੇ ਇਕ ਹੋਰ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਮੁੱਦਈ ਤੋਂ ਉਸ ਦਾ ਖਾਤਾ ਤੇ ਸਿਮ ਲੈ ਗਏ ਅਤੇ ਉਸ 'ਚ 3 ਕਰੋੜ 78 ਲੱਖ 43 ਹਜ਼ਾਰ 214 ਰੁਪਏ ਦੀ ਬਲੈਕ ਮਨੀ ਦਾ ਲੈਣ-ਦੇਣ ਕਰਕੇ ਧੋਖਾਧੜੀ ਕੀਤੀ | ਪੁਲਿਸ ਨੇ ਹਰਸ਼ਵੀਰ ਸਿੰਘ ਪੁੱਤਰ ਵੇਦ ਪ੍ਰਕਾਸ਼ ਵਾਸੀ ਗਿੱਦੜਾ ਵਾਲੀ, ਰਾਜਨ ਪੁੱਤਰ ਅਵਿਨਾਸ਼ ਚੰਦਰ ਵਾਸੀ ਸੱਪਾਵਾਲੀ, ਮਕੁਲ ਕੁਮਾਰ, ਹਿਮਾਂਸ਼ੂ ਵਾਸੀ ਅਬੋਹਰ ਤੇ ਇਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |