ਜਲਾਲਾਬਾਦ, 17 ਫਰਵਰੀ (ਜਤਿੰਦਰ ਪਾਲ ਸਿੰਘ)-ਸੀ. ਬੀ. ਐੱਸ. ਈ. ਦੇ ਦਸਵੀਂ ਕਲਾਸ ਦੇ ਬੋਰਡ ਦੇ ਇਮਤਿਹਾਨਾਂ ਦੀ ਅੱਜ ਸ਼ੁਰੂਆਤ ਹੋਈ | ਅੱਜ ਪਹਿਲੇ ਦਿਨ ਵਿਦਿਆਰਥੀ ਹਿਸਾਬ ਦੇ ਇਮਤਿਹਾਨ 'ਚ ਬੈਠੇ | ਜਲਾਲਾਬਾਦ ਹਲਕੇ ਲਈ ਬਣਾਏ ਤਿੰਨ ਸੈਂਟਰਾਂ 'ਚ ਵਿਦਿਆਰਥੀ ਕਾਫ਼ੀ ਆਤਮਵਿਸ਼ਵਾਸ ਵਿਚ ਭਰੇ ਹੋਏ ਨਜ਼ਰ ਆਏ | ਗੱਲਬਾਤ ਕਰਦੇ ਹੋਏ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਪੂਰੀ ਤਿਆਰੀ ਹੈ ਤੇ ਉਹ ਚੰਗੇ ਨੰਬਰ ਲੈ ਕੇ ਪਾਸ ਹੋਣਗੇ | ਵਿਦਿਆਰਥੀਆਂ ਨੇ ਦੱਸਿਆ ਕਿ ਸੀ. ਬੀ. ਐੱਸ. ਈ. ਵਲੋਂ ਦਿੱਤੀਆਂ ਹਿਦਾਇਤਾਂ ਅਨੁਸਾਰ ਸਕੂਲਾਂ ਵਲ਼ੋਂ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰੀ ਕਰਵਾਈ ਗਈ ਹੈ ਤੇ ਸੈਂਟਰ ਦੇ ਨਿਯਮਾਂ ਬਾਰੇ ਵੀ ਚੰਗੀ ਤਰ੍ਹਾਂ ਦੱਸਿਆ ਗਿਆ ਹੈ | ਇਸ ਮੌਕੇ ਪੈਨੇਸੀਆ ਸੀਨੀਅਰ ਸੈੈਕੰਡਰੀ ਪਬਲਿਕ ਸਕੂਲ ਦੇ ਕੋਆਰਡੀਨੇਟਰ ਸ਼ੈਲੀ ਦੂਮੜਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਦੇ ਪਹਿਲਾਂ ਹੀ ਪ੍ਰੀ ਬੋਰਡ ਇਮਤਿਹਾਨ ਲਏ ਜਾ ਚੁੱਕੇ ਹਨ ਤੇ ਕਾਫ਼ੀ ਤਿਆਰੀ ਕਰਵਾਈ ਗਈ ਹੈ | ਉਨ੍ਹਾਂ ਵਲੋਂ ਸਕੂਲ ਪਿ੍ੰਸੀਪਲ ਰਮਨਪ੍ਰੀਤ ਕੌਰ ਵਲੋਂ ਭੇਜੀ ਮਿਠਾਈ ਨਾਲ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਸ਼ੁੱਭਇੱਛਾਵਾਂ ਵੀ ਦਿੱਤੀਆਂ ਗਈਆਂ |