ਜਲਾਲਾਬਾਦ, 17 ਫਰਵਰੀ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਸਥਾਨਕ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਸਥਿਤ ਪਿੰਡ ਫਲੀਆਂ ਵਾਲਾ ਵਿਖੇ ਸਥਿਤ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ | ਖੇਡ ਦਿਵਸ ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਅਨੇਜਾ, ਪ੍ਰਧਾਨ ਪ੍ਰਦੀਪ ਚੁੱਘ, ਖ਼ਜ਼ਾਨਚੀ ਚੰਦਰਸ਼ੇਖਰ ਗੁੰਬਰ, ਸਿੱਖਿਆ ਸ਼ਾਸਤਰੀ ਗੁਰਬਖ਼ਸ਼ ਸਿੰਘ ਖੁਰਾਨਾ ਅਤੇ ਪਿ੍ੰਸੀਪਲ ਡਾ. ਨਿਤਿਕਾ ਦੀ ਯੋਗ ਅਗਵਾਈ ਹੇਠ ਬਹੁਤ ਹੀ ਉਤਸ਼ਾਹ ਤੇ ਖੇਡ ਭਾਵਨਾ ਦੇ ਨਾਲ ਮਨਾਇਆ ਗਿਆ | ਸਮਾਗਮ ਦਾ ਉਦੇਸ਼ ਵਿਦਿਆਰਥੀਆਂ 'ਚ ਸਰੀਰਕ ਤੰਦਰੁਸਤੀ, ਅਨੁਸ਼ਾਸਨ ਤੇ ਟੀਮ ਵਰਕ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ | ਸਮਾਗਮ ਦੀ ਸ਼ੁਰੂਆਤ ਮੈਨੇਜਮੈਂਟ ਕਮੇਟੀ ਵਲੋਂ ਝੰਡਾ ਲਹਿਰਾਉਣ ਤੇ ਮਿਸਾਲ ਜਗਾਉਣ ਦੇ ਨਾਲ ਕੀਤੀ ਗਈ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਸ਼ਾਨਦਾਰ ਮਾਰਚ ਪਾਸ ਕੀਤਾ | ਸਮਾਗਮ 'ਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਖੇਡ ਸਮਾਗਮ ਦੌਰਾਨ 100 ਮੀਟਰ, 200 ਮੀਟਰ, 400 ਮੀਟਰ ਦੌੜਾਂ ਦੇ ਮੁਕਾਬਲੇ ਕਰਵਾਏ ਗਏ | ਇਸ ਤੋਂ ਇਲਾਵਾ ਰੱਸਾਕਸ਼ੀ ਵਰਗੀਆਂ ਖੇਡਾਂ ਵੀ ਕਰਵਾਈਆਂ ਗਈਆਂ | ਵਿਦਿਆਰਥੀਆਂ ਨੇ ਇਨ੍ਹਾਂ 'ਚ ਭਾਗ ਲੈ ਕੇ ਆਪਣੀ ਖੇਡ ਭਾਵਨਾ ਦਾ ਮੁਜ਼ਾਹਰਾ ਕੀਤਾ | ਸਮਾਗਮ ਦੇ ਅੰਤ 'ਚ ਜੇਤੂ ਵਿਦਿਆਰਥੀਆਂ ਨੂੰ ਤਗਮੇ ਦਿੱਤੇ ਗਏ | ਪਿ੍ੰਸੀਪਲ ਡਾ. ਨਿਤਿਕਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਖੇਡਾਂ ਵਿਚ ਹਮੇਸ਼ਾ ਹੀ ਸਰਗਮ ਰਹਿਣ ਲਈ ਪ੍ਰੇਰਨਾ ਦਿੱਤੀ |