ਜਲਾਲਾਬਾਦ, 28 ਫਰਵਰੀ (ਜਤਿੰਦਰ ਪਾਲ ਸਿੰਘ)-ਸਥਾਨਕ ਫ਼ਾਜ਼ਿਲਕਾ ਸੜਕ 'ਤੇ ਸਥਿਤ 132 ਕੇ. ਵੀ. ਬਿਜਲੀ ਸਟੇਸ਼ਨ ਦੇ ਬਾਹਰ ਸਥਿਤ ਖੰਡਰ ਕਮਰਿਆਂ 'ਚ ਬੀਤੀ ਦੇਰ ਰਾਤ ਨੌਜਵਾਨ ਦੀ ਲਾਸ਼ ਭੇਦ ਭਰੇ ਹਾਲਾਤਾਂ 'ਚ ਮਿਲੀ | ਮਿ੍ਤਕ ਦੀ ਪਹਿਚਾਣ ਹਰਜਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਲਾਲਾਬਾਦ ਵਜੋਂ ਹੋਈ ਹੈ | ਮਿ੍ਤਕ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਲਗਪਗ ਪਿਛਲੇ 4 ਸਾਲ ਤੋਂ ਗੁਜਰਾਤ 'ਚ ਵੈਲਡਿੰਗ ਦਾ ਕੰਮ ਕਰਦਾ ਸੀ | ਮਿ੍ਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਸਾਡਾ ਇਕਲੌਤਾ ਪੁੱਤਰ ਸੀ ਅਤੇ ਅੱਜ ਹੀ ਗੁਜਰਾਤ ਤੋਂ ਆਇਆ ਸੀ | ਸਾਨੂੰ ਘਰ ਤੋਂ ਸਾਮਾਨ ਲੈਣ ਲਈ ਕਹਿ ਕੇ ਬਾਜ਼ਾਰ ਆਇਆ ਸੀ | ਮਿ੍ਤਕ ਦੇ ਪਿਤਾ ਨੇ ਕਿਹਾ ਕਿ ਲਾਸ਼ ਦੇ ਕੋਲ ਟੀਕਾ ਪਿਆ ਸੀ ਅਤੇ ਇਹ ਮੌਤ ਨਸ਼ੇ ਦੇ ਨਾਲ ਹੋ ਸਕਦੀ ਹੈ ਪਰ ਉਨ੍ਹਾਂ ਨੇ ਕੋਈ ਵੀ ਕਾਨੂੰਨੀ ਕਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਲਾਸ਼ ਨੂੰ ਘਰ ਲੈ ਗਏ | ਮੌਕੇ 'ਤੇ ਪਹੁੰਚੇ ਪੀ. ਸੀ. ਆਰ. ਟੀਮ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਮਿ੍ਤਕ ਦਾ ਪਰਿਵਾਰ ਕੋਈ ਵੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਤੇ ਲਾਸ਼ ਨੂੰ ਲੈ ਕੇ ਘਰ ਚਲੇ ਗਏ ਹਨ | ਲਾਸ਼ ਦੇ ਕੋਲ ਸਿਰਫ਼ ਪਾਣੀ ਦੀ ਬੋਤਲ ਮਿਲੀ ਹੈ ਤੇ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਹੈ |