ਅਬੋਹਰ, 28 ਫਰਵਰੀ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਥਾਨਕ ਗੋਪੀਚੰਦ ਆਰਿਆ ਮਹਿਲਾ ਕਾਲਜ ਦੇ ਪਿ੍ੰਸੀਪਲ ਡਾ. ਰੇਖਾ ਸੂਦ ਹਾਂਡਾ ਦੀ ਯੋਗ ਅਗਵਾਈ ਹੇਠ ਤੇ ਐਨ. ਸੀ. ਸੀ. ਸੀ. ਟੀ. ਓ. ਸੀਮਾ ਰਾਜੋਰਾ ਦੀ ਨਿਗਰਾਨੀ ਹੇਠ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ | ਇਹ ਸਮਾਰੋਹ ਵਿਸ਼ੇਸ਼ ਤੌਰ 'ਤੇ ਉਨ੍ਹਾਂ ਕੈਡਟਾਂ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਕੀਤਾ ਗਿਆ ਸੀ, ਜਿਨ੍ਹਾਂ ਨੇ ਆਪਣੀ ਤਿੰਨ ਸਾਲਾਂ ਦੀ ਐਨ. ਸੀ. ਸੀ. ਯਾਤਰਾ ਨੂੰ ਸਫਲਤਾਪੂਰਵਕ ਪੂਰਾ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਯਸ਼ਿਕਾ ਦੁਆਰਾ ਪੇਸ਼ ਕੀਤੇ ਗਏ ਸਵਾਗਤੀ ਨਾਚ ਨਾਲ ਹੋਈ | ਕੋਮਲ ਨੇ ਫਿਰ ਆਪਣੇ ਸ਼ਾਨਦਾਰ ਭਾਸ਼ਨ ਤੇ ਭਾਵਪੂਰਨ ਸ਼ਾਇਰੀ ਨਾਲ ਪ੍ਰੋਗਰਾਮ ਨੂੰ ਇਕ ਵਿਸ਼ੇਸ਼ ਮਾਹੌਲ 'ਚ ਢਾਲ ਦਿੱਤਾ | ਸਕਿੱਟ, ਵੱਖ-ਵੱਖ ਖੇਡ ਗਤੀਵਿਧੀਆਂ ਤੇ ਰੰਗੀਨ ਸੱਭਿਆਚਾਰਕ ਪੇਸ਼ਕਾਰੀਆਂ ਇਸ ਪ੍ਰੋਗਰਾਮ ਦੇ ਮੁੱਖ ਆਕਰਸ਼ਨ ਸਨ | ਅਨਮੋਲਦੀਪ ਕੌਰ ਤੇ ਜੋਤੀ ਨੇ ਮਾਹੌਲ ਨੂੰ ਸੁਰੀਲੀ ਗਾਇਕੀ ਨਾਲ ਭਰ ਦਿੱਤਾ, ਜਦਕਿ ਜੋਤੀ ਤੇ ਮਨਪ੍ਰੀਤ ਕੌਰ ਦੇ ਨਾਚ ਨੇ ਦਰਸ਼ਕਾਂ ਨੂੰ ਮੋਹਿਤ ਕਰ ਦਿੱਤਾ | ਸਮੂਹ ਨਾਚ ਨੇ ਪ੍ਰੋਗਰਾਮ ਵਿਚ ਜੋਸ਼ ਤੇ ਊਰਜਾ ਭਰ ਦਿੱਤੀ | ਪ੍ਰੋਗਰਾਮ ਦੇ ਅੰਤ ਵਿਚ ਸੈਸ਼ ਸੈਰੇਮਨੀ ਹੋਈ | ਵੱਖ-ਵੱਖ ਸ਼੍ਰੇਣੀਆਂ 'ਚ ਉੱਤਮ ਕੈਡਟਾਂ ਨੂੰ ਸਨਮਾਨਿਤ ਕੀਤਾ, ਜਿਸ 'ਚ ਸਕਾਲਸਟਿਕ ਤੇ ਸਰਵਿਸ ਸਟਾਰ ਲਈ ਅਣੂ, ਅਥਲੈਟਿਕ ਚੈਂਪੀਅਨ ਲਈ ਆਰਜ਼ੂ, ਐਸਥੈਟਿਕ ਪਰਸਨੈਲਿਟੀ ਐਵਾਰਡ ਲਈ ਮਨਦੀਪ, ਕਮਿਊਨਿਟੀ ਚੈਂਪੀਅਨ ਲਈ ਪੂਨਮ, ਬੈੱਸਟ ਕੈਡਟ ਐਵਾਰਡ ਲਈ ਸੁਮਨਪ੍ਰੀਤ, ਬੈੱਸਟ ਇਨ ਡਿ੍ਲ ਲਈ ਬਲਜੀਤ ਤੇ ਪੰਕਚੁਆਲਿਟੀ ਸਟਾਰ ਲਈ ਅਰਮੀਨ ਸ਼ਾਮਿਲ ਹਨ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਰੇਖਾ ਸੂਦ ਹਾਂਡਾ ਨੇ ਆਪਣੇ ਸੰਬੋਧਨ 'ਚ ਕੈਡਟ ਦੇ ਅਨੁਸ਼ਾਸਨ ਲੀਡਰਸ਼ਿਪ ਦੇ ਯੋਗਤਾ ਤੇ ਸਮਰਪਣ ਭਾਵ ਦੀ ਸਰਾਹਨਾ ਕੀਤੀ | ਉਨ੍ਹਾਂ ਕਿਹਾ ਕਿ ਐਨ. ਸੀ. ਸੀ. ਦੁਆਰਾ ਨੌਜਵਾਨਾਂ ਵਿਚ ਜ਼ਿੰਮੇਵਾਰੀ ਦੀ ਭਾਵਨਾ, ਦੇਸ਼ ਭਗਤੀ ਤੇ ਆਤਮਵਿਸ਼ਵਾਸ ਦਾ ਵਿਕਾਸ ਹੁੰਦਾ ਹੈ |