ਅਬੋਹਰ, 28 ਫਰਵਰੀ (ਵਿਵੇਕ ਹੂੜੀਆ)-ਫ਼ਾਜ਼ਿਲਕਾ ਰੋਡ 'ਤੇ ਸਥਿਤ ਮੀਰਾ ਨਰਸਿੰਗ ਕਾਲਜ ਵਿਖੇ ਦੋ ਰੋਜ਼ਾ ਅਥਲੈਟਿਕ ਮੀਟ ਦਾ ਸ਼ਾਨਦਾਰ ਸ਼ੁਭਾਰੰਭ ਕੀਤਾ | ਪ੍ਰੋਗਰਾਮ ਦਾ ਆਗਾਜ਼ ਮੁੱਖ ਮਹਿਮਾਨ ਅਸ਼ੋਕ ਕੁਮਾਰ ਸੋਸ਼ਲ ਵੈੱਲਫੇਅਰ ਅਫ਼ਸਰ, ਜ਼ਿਲ੍ਹਾ ਫ਼ਾਜ਼ਿਲਕਾ, ਸੰਸਥਾ ਦੇ ਚੇਅਰਮੈਨ ਡਾ. ਗ਼ੌਰੀ ਸ਼ੰਕਰ ਮਿੱਤਲ ਤੇ ਮੰਜੂ ਮਿੱਤਲ ਵਲੋਂ ਜੋਤ ਜਗਾ ਕੇ ਅਤੇ ਰਾਸ਼ਟਰੀ ਗਾਣ ਨਾਲ ਕੀਤਾ | ਇਸ ਮੌਕੇ ਐਮ. ਡੀ. ਐਡਵੋਕੇਟ ਸਮੀਰ ਮਿੱਤਲ, ਡਾਇਰੈਕਟਰ ਡਾ. ਸਾਹਿਲ ਮਿੱਤਲ, ਈਲਾ ਮਿੱਤਲ ਤੇ ਡਾ. ਗਾਇਤਰੀ ਮਿੱਤਲ ਸਮੇਤ ਹੋਰ ਕਈ ਪਤਵੰਤੇ ਸੱਜਣ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੁੱਖ ਮਹਿਮਾਨ ਤੇ ਕਾਲਜ ਸਟਾਫ਼ ਨੇ ਹਰੀ ਝੰਡੀ ਦਿਖਾ ਕੇ ਖੇਡਾਂ ਦੀ ਸ਼ੁਰੂਆਤ ਕਰਵਾਈ | ਸੰਬੋਧਨ ਕਰਦਿਆਂ ਅਸ਼ੋਕ ਕੁਮਾਰ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ 'ਚ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਲੀਡਰਸ਼ਿਪ ਦੀ ਭਾਵਨਾ ਵਿਕਸਿਤ ਕਰਦੀਆਂ ਹਨ | ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਹਿੱਸਾ ਲੈਣਾ ਇਕ ਸੰਤੁਲਿਤ ਜੀਵਨ ਲਈ ਬਹੁਤ ਜ਼ਰੂਰੀ ਹੈ | ਡਾ. ਗ਼ੌਰੀ ਸ਼ੰਕਰ ਮਿੱਤਲ ਨੇ ਨੌਜਵਾਨਾਂ ਨੂੰ ਖੇਡਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਸਾਨੂੰ ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ 'ਤੇ ਮਜ਼ਬੂਤ ਬਣਾਉਂਦੀਆਂ ਹਨ | ਇਸ ਮੀਟ ਦੌਰਾਨ 100 ਮੀਟਰ ਤੇ 200 ਮੀਟਰ ਦੌੜ, ਬੋਰੀ ਦੌੜ, ਰੱਸਾਕਸ਼ੀ, ਵਾਲੀਬਾਲ, ਚਮਚਾ ਦੌੜ, ਬੈਡਮਿੰਟਨ, ਸ਼ਤਰੰਜ ਤੇ ਕੈਰਮ ਬੋਰਡ ਵਰਗੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾ ਰਹੀਆਂ ਹਨ | ਪ੍ਰੋਗਰਾਮ ਦੌਰਾਨ ਰਾਜਿੰਦਰ ਕੁਮਾਰ ਨੇ ਰੈਫ਼ਰੀ ਦੀ ਭੂਮਿਕਾ ਨਿਭਾਈ | ਇਸ ਖੇਡ ਮੇਲੇ ਦਾ ਸਮਾਪਨ ਸਨਿਚਰਵਾਰ ਨੂੰ ਕੀਤਾ ਜਾਵੇਗਾ |