04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਫਲ ਵਿਕਰੇਤਾ ਦੀ ਰੇਹੜੀ 'ਤੋਂ 3 ਲੱਖ ਰੁਪਏ ਚੋਰੀ-ਦੋ ਖ਼ਿਲਾਫ਼ ਮਾਮਲਾ ਦਰਜ • ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀਆਂ ਕੋਲੋਂ 2 ਲੱਖ 57 ਹਜ਼ਾਰ ਰੁਪਏ ਕੀਤੇ ਬਰਾਮਦ

ਅਜੀਤ ਡੈਸਕ 03-03-2026
ਫਿਰੋਜ਼ਪੁਰ, 2 ਮਾਰਚ(ਸੁਖਵਿੰਦਰ ਸਿੰਘ)-ਸਿਟੀ ਥਾਣਾ ਫਿਰੋਜ਼ਪੁਰ ਵਿਚ ਫਲ ਵਿਕਰੇਤਾ ਰੇਹੜੀ ਚਾਲਕਾਂ ਵਲੋਂ ਤਿੰਨ ਲੱਖ ਰੁਪਏ ਚੋਰੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਮੁੱਦਈ ਆਪਣੀ ਜੇ.ਸੀ.ਬੀ ਮਸ਼ੀਨ ਰਾਹੀਂ ਮਿੱਟੀ-ਰੇਤਾ ਦਾ ਕੰਮ ਕਰਦਾ ਹੈ | ਉਸ ਨੇ ਦੱਸਿਆ ਕਿ ਉਸ ਦੇ ਸੁਮਿਤ ਕੁਮਾਰ ਮੁਨੀਮ ਕੋਲੋਂ ਕਰੀਬ 3 ਲੱਖ ਰੁਪਏ ਲਏ ਸਨ ਤੇ ਉਹ ਉਕਤ ਰਕਮ ਲੈ ਕੇ ਬੁਲਟ ਮੋਟਰਸਾਈਕਲ 'ਤੇ ਆ ਰਿਹਾ ਸੀ, ਰਸਤੇ ਵਿਚ ਫਿਰੋਜ਼ਪੁਰ ਸ਼ਹਿਰ ਦੇ ਦਿੱਲੀ ਗੇਟ ਕੋਲ ਪਰਿਵਾਰ ਲਈ ਫਲ ਖ਼ਰੀਦਣ ਲਈ ਰੁਕ ਗਿਆ | ਮੁੱਦਈ ਦੇ ਮੁਤਾਬਿਕ ਕਰੀਬ ਸਵਾ ਇਕ ਵਜੇ ਉਹ ਦਿੱਲੀ ਗੇਟ ਨਾਲ ਲੱਗੀ ਫਲਾਂ ਦੀ ਰੇਹੜੀ ਤੋਂ ਫਲ ਲੈਣ ਲੱਗਾ ਅਤੇ ਆਪਣੇ ਹੱਥ ਵਿਚ ਫੜਿਆ ਕਾਲੇ ਰੰਗ ਦਾ ਪੈਸਿਆਂ ਵਾਲਾ ਲਿਫ਼ਾਫ਼ਾ ਰੇਹੜੀ ਉੱਪਰ ਰੱਖ ਦਿੱਤਾ | ਰੇਹੜੀ 'ਤੇ ਮੌਜੂਦ ਦੋ ਵਿਅਕਤੀਆਂ ਵਿਚੋਂ ਇਕ ਉਸ ਨੂੰ ਵਧੀਆ ਫਲ ਦਿਖਾਉਣ ਵਿਚ ਲੱਗ ਗਿਆ ਜਦਕਿ ਦੂਜੇ ਨੇ ਮੌਕਾ ਦੇਖ ਕੇ ਰੇਹੜੀ ਉੱਪਰ ਰੱਖਿਆ ਪੈਸਿਆਂ ਵਾਲਾ ਲਿਫ਼ਾਫ਼ਾ ਚੁੱਕ ਲਿਆ | ਜਦੋਂ ਮੁੱਦਈ ਨੇ ਆਪਣੇ ਪੈਸਿਆਂ ਬਾਰੇ ਪੁੱਛਗਿੱਛ ਕੀਤੀ ਤਾਂ ਦੋਵੇਂ ਵਿਅਕਤੀਆਂ ਨੇ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ | ਇਸ ਤੋਂ ਬਾਅਦ ਉਸ ਨੇ ਥਾਣੇ ਹਾਜ਼ਰ ਹੋ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ | ਸੀ.ਸੀ.ਟੀ.ਵੀ ਫੁਟੇਜ ਚੈੱਕ ਕਰਨ ਦੌਰਾਨ ਸਾਫ਼ ਤੌਰ 'ਤੇ ਦਿਖਾਈ ਦਿੱਤਾ ਕਿ ਪੈਸਿਆਂ ਵਾਲਾ ਲਿਫ਼ਾਫ਼ਾ ਉਕਤ ਵਿਅਕਤੀਆਂ ਨੇ ਹੀ ਚੁੱਕਿਆ ਸੀ | ਇਸ ਉਪਰੰਤ ਪੁਲਿਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਕੋਲੋਂ 2 ਲੱਖ 57 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ | ਪੁਲਿਸ ਮੁਤਾਬਿਕ ਫਲ ਰੇਹੜੀ ਚਲਾਉਣ ਵਾਲੇ ਦੋਵੇਂ ਵਿਅਕਤੀ ਸੁਰਜਿੰਦਰ ਸਿੰਘ ਪੁੱਤਰ ਬੱਗਾ ਸਿੰਘ ਅਤੇ ਜਸਮੀਤ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਮੋਰੀ ਗੇਟ, ਫਿਰੋਜ਼ਪੁਰ ਸ਼ਹਿਰ ਹਨ | ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਕਿ ਮਲਕੀਤ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਬਸਤੀ ਪਿੰਡ ਅੱਕੂਵਾਲਾ, ਥਾਣਾ ਆਰਿਫ ਕੇ, ਜ਼ਿਲ੍ਹਾ ਫਿਰੋਜ਼ਪੁਰ ਦੇ ਬਿਆਨਾਂ ਦੇ ਆਧਾਰ 'ਤੇ ਦੋਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਉਹਨਾਂ ਦੱਸਿਆ ਕਿ ਬਕਾਇਆ 23 ਹਜ਼ਾਰ ਰੁਪਏ ਵੀ ਜਲਦ ਬਰਾਮਦ ਕਰਕੇ ਪੀੜਿਤ ਨੂੰ ਵਾਪਸ ਕਰਵਾਏ ਜਾਣਗੇ | ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ |
ਪਿਛਲੀ ਖ਼ਬਰ ਬੀ.ਕੇ.ਯੂ ਏਕਤਾ ਮਝੈਲ ਦੀ 10 ਮਾਰਚ ਨੂੰ ਹੋਵੇਗੀ ਹੰਗਾਮੀ ਬੈਠਕ-ਫੁੱਲਰਵਨ ਅਗਲੀ ਖ਼ਬਰ ਅਰਵਿੰਦ ਕੇਜਰੀਵਾਲ ਅਤੇ ਸਿਸੋਦੀਆ ਨੂੰ ਬਰੀ ਕਰਨ ਦਾ ਵਰਕਰਾਂ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।