ਮੰਡੀ ਅਰਨੀਵਾਲਾ, 29 ਅਪ੍ਰੈਲ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਕੰਧਵਾਲਾ ਹਾਜ਼ਰ ਖਾਂ ਤੋਂ ਕੁਹਾੜਿਆਂ ਵਾਲੀ ਨੂੰ ਜਾਂਦੀ ਲਿੰਕ ਸੜਕ ਪਿਛਲੇ ਕਰੀਬ ਸੱਤ ਮਹੀਨਿਆਂ ਤੋਂ ਨਹੀਂ ਬਣੀ | ਸੜਕ ਉੱਪਰ ਮੋਟਾ ਪੱਥਰ ਪਾਇਆ ਹੋਇਆ ਹੈ | ਜਿਸ ਨਾਲ ਵਾਹਨਾਂ ਦੇ ਆਉਣ ਜਾਣ ਵਿਚ ਵੱਡੀ ਦਿੱਕਤ ਆ ਰਹੀ ਹੈ | ਇਸ ਨੂੰ ਲੈ ਕੇ ਕਿਸਾਨ, ਆੜ੍ਹਤੀਏ, ਟਰੱਕ ਅਪਰੇਟਰ ਅਤੇ ਮਜ਼ਦੂਰ ਬਹੁਤ ਪਰੇਸ਼ਾਨ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਝੋਨੇ ਦੇ ਸੀਜ਼ਨ ਤੋਂ ਲੈ ਕੇ ਹੁਣ ਤੱਕ ਇਹ ਸੜਕ ਨਹੀਂ ਬਣੀ | ਉਨ੍ਹਾਂ ਨੂੰ ਆਪਣੀ ਜਿਨਸ ਮੰਡੀ ਦੇ ਵਿਚ ਲਿਜਾਉਣ ਲਈ ਦਿੱਕਤ ਆ ਰਹੀ ਹੈ | ਇਸੇ ਤਰ੍ਹਾਂ ਆੜ੍ਹਤੀਆਂ ਦਾ ਕਹਿਣਾ ਹੈ ਕਿ ਸੜਕ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਕੋਈ ਵੀ ਟਰੱਕ ਆਪਰੇਟਰ ਮੰਡੀ ਵਿਚ ਮਾਲ ਲਿਫ਼ਟਿੰਗ ਕਰਨ ਲਈ ਆਪਣਾ ਟਰੱਕ ਲੈ ਕੇ ਨਹੀਂ ਆ ਰਿਹਾ | ਮੰਡੀ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ | ਖ਼ਰੀਦ ਕੀਤੀ ਹੋਈ ਕਣਕ ਦੀ ਲਿਫ਼ਟਿੰਗ ਨਾ ਹੋਣ ਕਰਕੇ ਉਨ੍ਹਾਂ ਦੀ ਲੇਬਰ ਵਿਹਲੀ ਬੈਠੀ ਹੋਈ ਹੈ | ਆੜ੍ਹਤੀਆਂ ਨੇ ਇਹ ਵੀ ਕਿਹਾ ਕਿ ਮੰਡੀ ਭਰ ਚੁੱਕੀ ਹੈ ਅਤੇ ਹੋਰ ਕਣਕ ਸੁੱਟਣ ਲਈ ਜਗਾ ਨਹੀਂ ਬਚੀ ਹੈ | ਉਨ੍ਹਾਂ ਨੂੰ ਲੇਬਰ ਦਾ ਖਰਚਾ ਪੈ ਰਿਹਾ ਹੈ | ਆੜ੍ਹਤੀਆਂ, ਕਿਸਾਨਾਂ ਅਤੇ ਲੇਬਰ ਨੇ ਇਸ ਸੜਕ ਉੱਤੇ ਪਏ ਹੋਏ ਮੋਟੇ ਪੱਥਰ ਨੂੰ ਚੁੱਕ ਕੇ ਖ਼ੁਦ ਪਾਸੇ ਕੀਤਾ ਅਤੇ ਤਾਂ ਜਾ ਕੇ ਮੰਡੀ ਵਿਚੋਂ ਮਾਲ ਚੁੱਕਣ ਦੇ ਲਈ ਟਰੱਕ ਆਏ | ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਟਰਾਲੀਆਂ ਦੇ ਟਾਇਰ ਸੜਕ ਦੀ ਖਸਤਾ ਹਾਲਤ ਕਰਕੇ ਪਾਟ ਗਏ ਹਨ | ਕਿਸਾਨ ਸਤਨਾਮ ਸਿੰਘ ਸੰਧੂ, ਮਨਜੀਤ ਸਿੰਘ ਮੱਲ, ਮੇਜਰ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਸੰਧੂ, ਗੱਗੂ ਮਲਹੋਤਰਾ ਕਮਿਸ਼ਨ ਏਜੰਟ, ਨਿਸ਼ਾਨ ਸਿੰਘ ਨੇ ਇਹ ਦੱਸਿਆ ਕਿ ਉਨ੍ਹਾਂ ਵੱਲੋਂ ਇੱਥੇ ਸੜਕ ਦੀ ਹਾਲਤ ਨੂੰ ਵੇਖਦਿਆਂ ਹੋਇਆਂ ਕਣਕ ਨਹੀਂ ਲਿਆਂਦੀ ਸਗੋਂ ਕਣਕ ਦੂਜੀਆਂ ਮੰਡੀਆਂ ਵਿਚ ਜਾ ਕੇ ਸੁੱਟੀ ਹੈ | ਸੜਕ ਦੀ ਹਾਲਤ ਉਨ੍ਹਾਂ ਲਈ ਵੱਡੀ ਮੁਸ਼ਕਿਲ ਦਾ ਕਾਰਨ ਬਣੀ ਹੋਈ ਹੈ | ਉੱਧਰ ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਸੜਕ ਬਣ ਰਹੀ ਹੈ ਪਰ ਪੁਲੀਆਂ ਨਹੀਂ ਬਣ ਰਹੀਆਂ ਕੱਲ੍ਹ ਨੂੰ ਪੁਲੀਆਂ ਵਾਸਤੇ ਫਿਰ ਸੜਕ ਪੁੱਠੀ ਨਹੀਂ ਪੈਣੀ ਹੈ ਇਸ ਕਰਕੇ ਪੁਲੀਆਂ ਨੂੰ ਵੀ ਨਾਲ ਬਣਾਇਆ ਜਾਣਾ ਚਾਹੀਦਾ ਹੈ | ਜਦ ਇਸ ਸਬੰਧੀ ਸੜਕ ਦੇ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਸੀਜ਼ਨ ਤੋਂ ਬਾਅਦ ਸੜਕ ਦੀ ਰਿਪੇਅਰ ਕਰ ਦਿੱਤੀ ਜਾਵੇਗੀ |