ਫ਼ਾਜ਼ਿਲਕਾ, 29 ਅਪ੍ਰੈਲ (ਦਵਿੰਦਰ ਪਾਲ ਸਿੰਘ)-ਬਾਰ ਕੌਂਸਲ ਆਫ਼ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਵੱਕਾਰੀ ਚੋਣਾਂ 'ਚ ਨੌਜਵਾਨ ਅਤੇ ਉਤਸ਼ਾਹੀ ਐਡਵੋਕੇਟ ਹਰਪ੍ਰੀਤ ਸਿੰਘ ਮੁਲਤਾਨੀ ਨੇ ਇਤਿਹਾਸਕ ਜਿੱਤ ਦਰਜ ਕਰਦਿਆਂ ਮੈਂਬਰ ਵਜੋਂ ਆਪਣਾ ਨਾਂ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾ ਲਿਆ ਹੈ | ਇਸ ਜਿੱਤ ਨਾਲ ਫ਼ਾਜ਼ਿਲਕਾ ਸਮੇਤ ਪੂਰੇ ਖੇਤਰ ਦੇ ਕਾਨੂੰਨੀ ਜਗਤ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਪ੍ਰਧਾਨ ਐਡਵੋਕੇਟ ਸੁਤੰਤਰ ਜੋਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਵਾਰ ਚੋਣ ਮੈਦਾਨ 'ਚ ਕੁੱਲ 157 ਉਮੀਦਵਾਰ ਸਨ | ਇਸ ਸਖ਼ਤ ਮੁਕਾਬਲੇ ਵਿਚ ਹਰਪ੍ਰੀਤ ਸਿੰਘ ਮੁਲਤਾਨੀ ਨੇ 3,317 ਵੋਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ | ਇਹ ਜਿੱਤ ਵਕੀਲ ਭਾਈਚਾਰੇ ਦੇ ਉਨ੍ਹਾਂ ਪ੍ਰਤੀ ਅਟੁੱਟ ਵਿਸ਼ਵਾਸ ਨੂੰ ਦਰਸਾਉਂਦੀ ਹੈ | ਹਰਪ੍ਰੀਤ ਸਿੰਘ ਮੁਲਤਾਨੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੈ | ਉਹ ਵਿਦਿਆਰਥੀ ਜੀਵਨ ਦੌਰਾਨ 'ਸੌਂਪੂ' ਦੇ ਪ੍ਰਧਾਨ ਵੀ ਰਹੇ ਅਤੇ ਵਿਦਿਆਰਥੀ ਹਿਤਾਂ ਲਈ ਕਈ ਅਹਿਮ ਕਾਰਜ ਕੀਤੇ | ਪੇਸ਼ੇਵਾਰ ਜੀਵਨ ਵਿਚ ਉਨ੍ਹਾਂ ਨੇ ਪੰਜਾਬ ਦੇ ਡਿਪਟੀ ਐਡਵੋਕੇਟ ਜਨਰਲ ਵਜੋਂ ਸੇਵਾਵਾਂ ਨਿਭਾਉਂਦਿਆਂ ਆਪਣੀ ਕਾਨੂੰਨੀ ਮੁਹਾਰਤ ਅਤੇ ਇਮਾਨਦਾਰੀ ਦਾ ਲੋਹਾ ਮਨਵਾਇਆ | ਚੋਣ ਨਤੀਜਿਆਂ ਤੋਂ ਬਾਅਦ ਐਡਵੋਕੇਟ ਸੁਤੰਤਰਜੋਤ ਸਿੰਘ ਗਿੱਲ ਦੀ ਅਗਵਾਈ ਹੇਠ ਐਡਵੋਕੇਟ ਪ੍ਰਦੀਪ ਕੁਮਾਰ ਗੋਲਡੀ, ਗੌਰਵ ਸ਼ਰਮਾ, ਕਰਨ ਮੈਣੀ ਅਤੇ ਹੋਰ ਸੀਨੀਅਰ ਵਕੀਲ ਮੁਲਤਾਨੀ ਦੇ ਨਿਵਾਸ ਅਸਥਾਨ 'ਤੇ ਪਹੁੰਚੇ | ਉਨ੍ਹਾਂ ਨੇ ਫੁੱਲ-ਮਾਲਾਵਾਂ ਪਾ ਕੇ ਅਤੇ ਮਿਠਾਈ ਵੰਡ ਕੇ ਇਸ ਜਿੱਤ ਦਾ ਜਸ਼ਨ ਮਨਾਇਆ | ਵਕੀਲਾਂ ਨੇ ਭਰੋਸਾ ਜਤਾਇਆ ਕਿ ਮੁਲਤਾਨੀ ਵਕੀਲਾਂ ਦੇ ਹਿਤਾਂ ਦੀ ਰਾਖੀ ਕਰਨ ਅਤੇ ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ | ਆਪਣੀ ਜਿੱਤ 'ਤੇ ਧੰਨਵਾਦ ਕਰਦਿਆਂ ਐਡਵੋਕੇਟ ਹਰਪ੍ਰੀਤ ਸਿੰਘ ਮੁਲਤਾਨੀ ਨੇ ਕਿਹਾ ਕਿ ਇਹ ਜਿੱਤ ਮੇਰੀ ਇਕੱਲੇ ਦੀ ਨਹੀਂ, ਸਗੋਂ ਪੂਰੇ ਵਕੀਲ ਭਾਈਚਾਰੇ ਦੀ ਜਿੱਤ ਹੈ | ਮੈਂ ਆਪਣੇ ਕਾਰਜਕਾਲ ਦੌਰਾਨ ਵਕੀਲਾਂ ਦੀਆਂ ਸਮੱਸਿਆਵਾਂ ਦੇ ਹੱਲ, ਨਿਆਂ ਪ੍ਰਣਾਲੀ ਵਿਚ ਪਾਰਦਰਸ਼ਤਾ ਅਤੇ ਵਕੀਲਾਂ ਦੀ ਭਲਾਈ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਾਂਗਾ |