16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਫ਼ਾਜ਼ਿਲਕਾ 'ਚ ਕੋਰਟ ਮੈਰਿਜ ਨੂੰ ਲੈ ਕੇ ਥਾਣੇ ਦੇ ਬਾਹਰ ਹੰਗਾਮਾ, ਅੱਧੀ ਰਾਤ ਨੂੰ ਭਿੜੀਆਂ ਦੋਵੇਂ ਧਿਰਾਂ ਲੜਕੀ ਦੇ ਪਰਿਵਾਰ 'ਤੇ ਬੰਧਕ ਬਣਾਉਣ ਦੇ ਦੋਸ਼, ਲੜਕੇ ਦਾ ਪਿਤਾ ਹਸਪਤਾਲ ਦਾਖ਼ਲ

ਅਜੀਤ ਡੈਸਕ 30-04-2026
ਫ਼ਾਜ਼ਿਲਕਾ, 29 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ 'ਚ ਇਕ ਪ੍ਰੇਮ ਵਿਆਹ (ਕੋਰਟ ਮੈਰਿਜ) ਨੂੰ ਲੈ ਕੇ ਹਾਲਾਤ ਉਸ ਸਮੇਂ ਤਣਾਅਪੂਰਨ ਹੋ ਗਏ ਜਦੋਂ ਥਾਣੇ ਦੇ ਬਾਹਰ ਹੀ ਦੋਵੇਂ ਧਿਰਾਂ ਆਪਸ ਵਿਚ ਭਿੜ ਗਈਆਂ | ਦੇਰ ਰਾਤ ਹੋਏ ਇਸ ਹੰਗਾਮੇ ਵਿਚ ਲੜਕੇ ਦੇ ਪਿਤਾ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ | ਲੜਕੇ ਸੌਰਵ ਨੇ ਦੱਸਿਆ ਕਿ ਉਸ ਨੇ ਪਿੰਡ ਲਮੋਚੜ ਕਲਾਂ ਦੀ ਰਹਿਣ ਵਾਲੀ ਇਕ ਲੜਕੀ, ਜੋ ਕਿ ਸਰਕਾਰੀ ਅਧਿਆਪਕਾ ਹੈ, ਨਾਲ ਕਰੀਬ 4 ਮਹੀਨੇ ਪਹਿਲਾਂ ਕੋਰਟ ਮੈਰਿਜ ਕਰਵਾਈ ਸੀ | ਸੌਰਵ ਦਾ ਦੋਸ਼ ਹੈ ਕਿ ਲੜਕੀ ਦਾ ਪਰਿਵਾਰ ਇਸ ਵਿਆਹ ਦਾ ਲਗਾਤਾਰ ਵਿਰੋਧ ਕਰ ਰਿਹਾ ਸੀ ਅਤੇ ਉਨ੍ਹਾਂ ਨੇ ਲੜਕੀ ਨੂੰ ਜਬਰਨ ਬੰਧਕ ਬਣਾ ਕੇ ਰੱਖਿਆ ਹੋਇਆ ਸੀ | ਲੜਕੀ ਵਲੋਂ ਸੂਚਨਾ ਮਿਲਣ 'ਤੇ ਸੌਰਵ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ | ਸ਼ਿਕਾਇਤ ਦੇ ਆਧਾਰ 'ਤੇ ਜਦੋਂ ਪੁਲਿਸ ਨੇ ਦੋਵਾਂ ਧਿਰਾਂ ਨੂੰ ਸਿਟੀ ਥਾਣੇ ਬੁਲਾਇਆ ਤਾਂ ਲੜਕੀ ਨੇ ਆਪਣੇ ਪਤੀ ਦੇ ਹੱਕ ਵਿਚ ਬਿਆਨ ਦਿੱਤੇ | ਲੜਕੇ ਦਾ ਦੋਸ਼ ਹੈ ਕਿ ਜਦੋਂ ਉਹ ਥਾਣੇ ਤੋਂ ਬਾਹਰ ਨਿਕਲੇ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ | ਇਸ ਮਾਰਕੁੱਟ ਵਿਚ ਲੜਕੇ ਦੇ ਪਿਤਾ ਨੂੰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਪੁਲਿਸ ਨੇ ਦਖ਼ਲ ਦੇ ਕੇ ਸਥਿਤੀ ਨੂੰ ਸੰਭਾਲਿਆ | ਸਿਟੀ ਥਾਣੇ ਦੇ ਪੁਲਿਸ ਅਧਿਕਾਰੀ ਸਰਵਨ ਸਿੰਘ ਨੇ ਦੱਸਿਆ ਕਿ ਲੜਕੇ ਦੀ ਸ਼ਿਕਾਇਤ 'ਤੇ ਦੋਵਾਂ ਪੱਖਾਂ ਨੂੰ ਬੁਲਾਇਆ ਗਿਆ ਸੀ | ਉਨ੍ਹਾਂ ਪੁਸ਼ਟੀ ਕੀਤੀ ਕਿ ਥਾਣੇ ਦੇ ਬਾਹਰ ਦੋਵੇਂ ਧਿਰਾਂ ਵਿਚਾਲੇ ਝਗੜਾ ਹੋਇਆ ਹੈ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਛੁਡਵਾਇਆ | ਫ਼ਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਜਲਾਲਾਬਾਦ ਨੂੰ ਮਿਲਿਆ ਸਹਿ-ਸਿੱਖਿਆ ਦਾ ਦਰਜਾ ਅਗਲੀ ਖ਼ਬਰ ਦਿਆਲ ਪ੍ਰਤਾਪ ਸਿੰਘ ਰੰਧਾਵਾ ਬਾਰ ਕੌਂਸਲ ਚੰਡੀਗੜ੍ਹ ਦੇ ਮੈਂਬਰ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।