02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਹਲਕਾ ਇੰਚਾਰਜ ਨਾਰੰਗ ਤੇ ਐੱਸ.ਡੀ.ਐੱਮ.ਰਵਿੰਦਰ ਸਿੰਘ ਅਰੋੜਾ ਨੇ 'ਸਵੈ-ਗਣਨਾ' ਪੋਰਟਲ ਰਾਹੀਂ ਕੀਤਾ ਮਰਦਮਸ਼ੁਮਾਰੀ ਦਾ ਆਗਾਜ਼

ਅਜੀਤ ਡੈਸਕ 02-05-2026
ਅਬੋਹਰ, 1 ਮਈ (ਵਿਵੇਕ ਹੂੜੀਆ)-ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 'ਮਰਦਮਸ਼ੁਮਾਰੀ 2027' ਦਾ ਜ਼ਮੀਨੀ ਪੱਧਰ 'ਤੇ ਰਸਮੀ ਆਗਾਜ਼ ਹੋ ਚੁੱਕਾ ਹੈ | ਅਬੋਹਰ ਪ੍ਰਸ਼ਾਸਨ ਨੇ ਇਸ ਵਾਰ ਤਕਨੀਕ ਦੀ ਵਰਤੋਂ ਕਰਦਿਆਂ 'ਸਵੈ-ਗਣਨਾ' 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ | ਇਸੇ ਕੜੀ ਤਹਿਤ 'ਆਪ' ਦੇ ਹਲਕਾ ਇੰਚਾਰਜ ਅਰੁਣ ਨਾਰੰਗ ਅਤੇ ਐੱਸ.ਡੀ.ਐੱਮ.ਰਵਿੰਦਰ ਸਿੰਘ ਅਰੋੜਾ ਨੇ ਖ਼ੁਦ ਆਪਣਾ ਵੇਰਵਾ ਪੋਰਟਲ 'ਤੇ ਦਰਜ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ | ਹਲਕਾ ਇੰਚਾਰਜ ਅਰੁਣ ਨਾਰੰਗ ਅਤੇ ਐੱਸ.ਡੀ.ਐੱਮ.ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਮਰਦਮਸ਼ੁਮਾਰੀ ਦਾ ਇਹ ਕਾਰਜ ਦੋ ਪੜਾਵਾਂ ਵਿਚ ਹੋਵੇਗਾ | ਪਹਿਲੇ ਪੜਾਅ ਮਈ-ਜੂਨ 2026 ਵਿਚ ਮਕਾਨਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ, ਜਦਕਿ ਦੂਜਾ ਪੜਾਅ ਫਰਵਰੀ 2027 ਵਿਚ ਪੂਰਾ ਹੋਵੇਗਾ | ਵਰਤਮਾਨ ਵਿਚ ਸਵੈ-ਗਣਨਾ ਦਾ ਦੌਰ 14 ਮਈ ਤੱਕ ਚੱਲੇਗਾ | ਇਸ ਤੋਂ ਬਾਅਦ 15 ਮਈ ਤੋਂ 13 ਜੂਨ ਤੱਕ ਗਿਣਤੀਕਾਰ ਘਰ-ਘਰ ਜਾ ਕੇ ਡਾਟਾ ਦੀ ਪੜਤਾਲ ਕਰਨਗੇ | ਮੁਹਿੰਮ ਦੇ ਪਹਿਲੇ ਦਿਨ ਫ਼ੀਲਡ ਟਰੇਨਰਾਂ ਦੀ ਟੀਮ ਨੇ ਵਿਧਾਇਕ ਸੰਦੀਪ ਜਾਖੜ, ਪੈਰਾ-ਬੈਡਮਿੰਟਨ ਖਿਡਾਰੀ ਸੰਜੀਵ ਕੁਮਾਰ, ਰਾਜਿੰਦਰ ਕੰਬੋਜ, ਅੰਸ਼ੁਲ ਬਤਰਾ ਅਤੇ ਜ਼ਿਲ੍ਹਾ ਪ੍ਰਧਾਨ ਉਪਕਾਰ ਜਾਖੜ ਨਾਲ ਉਨ੍ਹਾਂ ਦੇ ਨਿਵਾਸ ਸਥਾਨਾਂ 'ਤੇ ਸੰਪਰਕ ਕੀਤਾ | ਇਨ੍ਹਾਂ ਸ਼ਖ਼ਸੀਅਤਾਂ ਨੇ ਮੌਕੇ 'ਤੇ ਹੀ ਪੋਰਟਲ ਦੀ ਵਰਤੋਂ ਕੀਤੀ ਅਤੇ ਸਮਾਜ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਹੀ ਅੰਕੜਿਆਂ ਨਾਲ ਹੀ ਖੇਤਰ ਦੇ ਵਿਕਾਸ ਲਈ ਬਿਹਤਰ ਯੋਜਨਾਵਾਂ ਬਣ ਸਕਣਗੀਆਂ | ਮਰਦਮਸ਼ੁਮਾਰੀ ਦਫ਼ਤਰ ਦੇ ਅਧਿਕਾਰੀ ਰਾਜ ਕੁਮਾਰ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਨਾਗਰਿਕ ਆਪਣੇ ਸਮਾਰਟਫੋਨ ਰਾਹੀਂ ਵੈੱਬਸਾਈਟ 'ਤੇ ਜਾ ਕੇ ਖ਼ੁਦ ਨੂੰ ਰਜਿਸਟਰ ਕਰ ਸਕਦੇ ਹਨ | ਇਹ ਮੁਹਿੰਮ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐੱਸ.ਡੀ.ਐੱਮ.ਰਵਿੰਦਰ ਸਿੰਘ ਅਰੋੜਾ ਦੇ ਮਾਰਗਦਰਸ਼ਨ ਹੇਠ ਚਲਾਈ ਜਾ ਰਹੀ ਹੈ | ਟੀਮ ਵਿਚ ਅਮਨਦੀਪ, ਗੌਤਮ ਗੌੜ, ਲਲਿਤ ਮਦਾਨ, ਕਪਿਲ, ਅਮਿੱਤ ਅਰੋੜਾ ਅਤੇ ਤੇਜਿੰਦਰ ਸਮੇਤ ਹੋਰ ਅਧਿਕਾਰੀ ਪੂਰੀ ਨਿਸ਼ਠਾ ਨਾਲ ਫ਼ੀਲਡ ਵਿਚ ਜੁਟੇ ਹੋਏ ਹਨ |
ਪਿਛਲੀ ਖ਼ਬਰ ਯਾਦਵਿੰਦਰ ਸਿੰਘ ਨੇ ਥਾਣਾ ਖੂਈਆਂ ਸਰਵਰ ਦੇ ਹੈੱਡ ਮੁਨਸ਼ੀ ਵਜੋਂ ਸੰਭਾਲਿਆ ਅਹੁਦਾ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਨ ਵਾਲੇ ਅਣਪਛਾਤੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।