ਅਬੋਹਰ, 11 ਮਈ (ਤੇਜਿੰਦਰ ਸਿੰਘ ਖ਼ਾਲਸਾ) ਪੰਜਾਬ ਵਿਚ ਸਿਹਤ ਸੇਵਾਵਾਂ ਨੂੰ ਲੈ ਕੇ ਸਰਕਾਰ ਵਲੋਂ ''ਸਿਹਤ ਕ੍ਰਾਂਤੀU ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਨਜ਼ਰ ਆ ਰਹੀ ਹੈ | ਅਬੋਹਰ ਦੇ ਸਰਕਾਰੀ ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਮਰੀਜ਼ਾਂ ਨਾਲ ਹੋ ਰਹੇ ਵਤੀਰੇ ਅਤੇ ਪ੍ਰਬੰਧਕੀ ਕਮਜ਼ੋਰੀਆਂ ਨੇ ਇੱਕ ਵਾਰ ਫਿਰ ਸਿਹਤ ਵਿਭਾਗ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਜਿਸ ਤਹਿਤ ਐਮਰਜੈਂਸੀ ਬਾਹਰ ਡਿੱਗੇ ਪਏ ਵਿਅਕਤੀ ਦੀ ਵੀਡੀਓ ਵਾਇਰਲ ਹੋਣ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਸਿਵਲ ਸਰਜਨ ਨੇ ਮੌਕੇ 'ਤੇ ਜਾਂਚ ਕਰਦੇ ਹੋਏ ਰਿਪੋਰਟ ਬਣਾ ਕੇ ਵਿਭਾਗ ਨੂੰ ਭੇਜ ਦਿੱਤੀ ਹੈ | ਇਸ ਸੰਬੰਧੀ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਵੀ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੂੰ ਟਵੀਟ ਕਰਕੇ ਹਾਲਾਤ ਤੋਂ ਜਾਣੂ ਕਰਵਾਇਆ ਹੈ | ਮਿਲੀ ਜਾਣਕਾਰੀ ਅਨੁਸਾਰ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਇਕ ਮਰੀਜ਼ ਦਵਾਈ ਅਤੇ ਇਲਾਜ ਪਹੁੰਚਿਆ, ਜਿਸ ਦੀ ਬੇਹੋਸ਼ੀ ਦੀ ਹਾਲਤ 'ਚ ਐਮਰਜੈਂਸੀ ਬਾਹਰ ਡਿੱਗੇ ਪਏ ਦੀ ਵੀਡੀਓ ਵਾਇਰਲ ਹੋਣ ਲੱਗੀ | ਇਸ ਦੌਰਾਨ ਕਾਫ਼ੀ ਸਮੇਂ ਤੱਕ ਨਾ ਕਿਸੇ ਡਾਕਟਰ ਨੇ ਉਸ ਦੀ ਸਾਰ ਲਈ ਅਤੇ ਨਾ ਹੀ ਹਸਪਤਾਲ ਸਟਾਫ਼ ਨੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ | ਕਾਫ਼ੀ ਸਮੇਂ ਬਾਅਦ ਹਸਪਤਾਲ ਦੇ ਕੁੱਝ ਕਰਮਚਾਰੀਆਂ ਵਲੋਂ ਜਲਦਬਾਜ਼ੀ ਵਿਚ ਮਰੀਜ਼ ਨੂੰ ਚੁੱਕ ਕੇ ਬੈੱਡ 'ਤੇ ਪਾਇਆ ਗਿਆ | ਹਸਪਤਾਲ ਆਏ ਲੋਕਾਂ ਨੇ ਦੱਸਿਆ ਕਿ ਅਬੋਹਰ ਸਿਵਲ ਹਸਪਤਾਲ ਵਿਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ | ਲੋਕਾਂ ਦੇ ਅਨੁਸਾਰ ਇੱਥੇ ਗ਼ਰੀਬ ਅਤੇ ਲਾਚਾਰ ਮਰੀਜ਼ਾਂ ਨਾਲ ਅਕਸਰ ਅਣਗਹਿਲੀ ਵਾਲਾ ਵਤੀਰਾ ਕੀਤਾ ਜਾਂਦਾ ਹੈ | ਜੇ ਮਰੀਜ਼ ਦੇ ਨਾਲ ਕੋਈ ਪਰਿਵਾਰਕ ਮੈਂਬਰ ਨਾ ਹੋਵੇ ਤਾਂ ਉਸ ਦੀ ਸਹੀ ਤਰੀਕੇ ਨਾਲ ਸੁਣਵਾਈ ਵੀ ਨਹੀਂ ਹੁੰਦੀ ਅਤੇ ਕਈ ਮਰੀਜ਼ ਨਿਰਾਸ਼ ਹੋ ਕੇ ਵਾਪਸ ਘਰ ਪਰਤ ਜਾਂਦੇ ਹਨ | ਇਸ ਕਾਰਨ ਅਬੋਹਰ ਦੇ ਸਰਕਾਰੀ ਹਸਪਤਾਲ ਨੂੰ ''ਰੈਫ਼ਰ ਹਸਪਤਾਲU ਵੀ ਕਿਹਾ ਜਾਂਦਾ ਹੈ | ਮੌਕੇ 'ਤੇ ਹਾਜ਼ਰ ਲੋਕਾਂ ਨੇ ਮੰਗ ਕੀਤੀ ਕਿ ਐਮਰਜੈਂਸੀ ਵਾਰਡ ਦੇ ਸਟਾਫ਼ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਜਾਵੇ ਅਤੇ ਜੇ ਲਾਪਰਵਾਹੀ ਸਾਬਤ ਹੁੰਦੀ ਹੈ ਤਾਂ ਸੰਬੰਧਿਤ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਉਕਤ ਮਾਮਲੇ ਦੀ ਵੀਡੀਓ ਵਾਇਰਲ ਹੋਣ ਉਪਰੰਤ ਸਿਵਲ ਸਰਜਨ ਸਰਕਾਰੀ ਹਸਪਤਾਲ ਪੁੱਜੇ ਅਤੇ ਮੀਡੀਆ ਤੋਂ ਦੂਰੀ ਬਣਾ ਕੇ ਆਪਣੇ ਪੱਧਰ 'ਤੇ ਜਾਂਚ ਕਰਦੇ ਹੋਏ ਚੱਲਦੇ ਬਣੇ | ਇਸ ਸੰਬੰਧੀ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਐਸ.ਐਮ.ਓ ਸੁਰੇਸ਼ ਕੰਬੋਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਰੀਜ਼ ਘਰੋਂ ਬੇਘਰ ਹੈ ਅਤੇ ਨਸ਼ੇ ਦੀ ਹਾਲਤ ਵਿਚ ਲੋਕਾਂ ਤੋਂ ਪੈਸੇ ਮੰਗਦਾ ਫਿਰਦਾ ਹੈ, ਜਿਸ ਨੂੰ ਹਸਪਤਾਲ ਦੇ ਸਟਾਫ਼ ਨੇ ਕਈ ਵਾਰ ਸੰਭਾਲਿਆ ਪਰ ਉਹ ਫਿਰ ਲੋਕਾਂ ਤੋਂ ਪੈਸੇ ਮੰਗਣ ਲਈ ਆਪਣੀਆਂ ਸਕੀਮਾਂ ਲਗਾਉਂਦਾ ਹੋਇਆ ਇੱਧਰ ਉੱਧਰ ਪੈ ਜਾਂਦਾ ਸੀ ਜਦ ਕਿ ਸਟਾਫ਼ ਨੇ ਉਸ ਪ੍ਰਤੀ ਸੰਜੀਦਗੀ ਨਾਲ ਕਈ ਵਾਰ ਜ਼ਿੰਮੇਵਾਰੀ ਨਿਭਾਈ | ਜਿਸ ਪ੍ਰਤੀ ਸਿਵਲ ਸਰਜਨ ਵਲੋਂ ਵੀ ਜਾਂਚ ਕੀਤੀ ਗਈ ਹੈ |