ਫ਼ਾਜ਼ਿਲਕਾ, 12 ਮਈ (ਦਵਿੰਦਰ ਪਾਲ ਸਿੰਘ)-ਸ਼ਹਿਰ ਦੀ ਪੁਰਾਣੀ ਸੰਸਥਾ ਸ੍ਰੀ ਗਊ ਰਕਸ਼ਣੀ ਸਭਾ ਵਲੋਂ ਜਿੱਥੇ ਗਊਸ਼ਾਲਾ ਦਾ ਸੰਚਾਲਨ ਕੀਤਾ ਜਾ ਰਿਹਾ ਹੈ, ਉੱਥੇ ਹੀ ਅਬੋਹਰ ਰੋਡ ਸਥਿਤ ਨੰਦੀਸ਼ਾਲਾ ਰਾਹੀਂ ਸ਼ਹਿਰ ਵਾਸੀਆਂ ਨੂੰ ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਵੱਡੀ ਰਾਹਤ ਦਿੱਤੀ ਜਾ ਰਹੀ ਹੈ | ਇਸ ਸਮੇਂ ਸੰਸਥਾ ਦੀ ਨੰਦੀਸ਼ਾਲਾ ਵਿਚ 450 ਤੋਂ ਵੱਧ ਨੰਦੀਆਂ ਦੀ ਦੇਖਭਾਲ ਪੂਰੀ ਤਨਦੇਹੀ ਨਾਲ ਕੀਤੀ ਜਾ ਰਹੀ ਹੈ | ਸੰਸਥਾ ਦੇ ਪ੍ਰਧਾਨ ਅਸ਼ੋਕ ਗੁਲਬਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਦੇ ਬਾਜ਼ਾਰਾਂ ਅਤੇ ਮੁਹੱਲਿਆਂ ਵਿਚ ਨੰਦੀਆਂ ਵਲੋਂ ਹੜਕੰਪ ਮਚਾਉਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ | ਇਨ੍ਹਾਂ ਰਿਪੋਰਟਾਂ 'ਤੇ ਤੁਰੰਤ ਕਾਰਵਾਈ ਕਰਦਿਆਂ ਪਸ਼ੂ ਪਾਲਨ ਵਿਭਾਗ ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਵਿਭਾਗ ਦੀ ਟੀਮ ਨੇ ਇਨ੍ਹਾਂ ਨੰਦੀਆਂ ਨੂੰ ਫੜ ਕੇ ਅਬੋਹਰ ਰੋਡ ਸਥਿਤ ਨੰਦੀਸ਼ਾਲਾ ਵਿਚ ਛੱਡ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਇਹ ਨੰਦੀਸ਼ਾਲਾ ਤਿੰਨ ਏਕੜ ਤੋਂ ਵੱਧ ਜ਼ਮੀਨ ਵਿਚ ਫੈਲੀ ਹੋਈ ਹੈ, ਜਿੱਥੇ ਪਸ਼ੂਆਂ ਲਈ ਹਰਾ ਚਾਰਾ, ਪਾਣੀ ਅਤੇ ਮੈਡੀਕਲ ਸਹੂਲਤਾਂ ਦਾ ਪੂਰਾ ਪ੍ਰਬੰਧ ਹੈ | ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਇਨ੍ਹਾਂ ਨੰਦੀਆਂ ਦੀ ਸਿਹਤ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ |