ਫ਼ਾਜ਼ਿਲਕਾ, 15 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਹੜਤਾਲ ਨਾਲ ਫ਼ਾਜ਼ਿਲਕਾ ਸ਼ਹਿਰ ਅੰਦਰ ਗਲੀ ਮੁਹੱਲਿਆਂ ਅਤੇ ਚੌਂਕਾਂ ਵਿਚ ਗੰਦਗੀ ਦੇ ਢੇਰ ਲੱਗ ਗਏ ਹਨ | ਜਿਸ ਤੋਂ ਆਮ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਹਿਰ ਦਾ ਭਾਰਤ ਮੈਡੀਕਲ ਚੌਂਕ, ਡੈਡ ਹਾਊਸ ਰੋਡ, ਆਰੀਆ ਨਗਰ, ਐਮ.ਸੀ ਕਾਲੋਨੀ, ਰਾਧਾ ਸਵਾਮੀ ਕਾਲੋਨੀ ਆਦਿ ਥਾਵਾਂ 'ਤੇ ਗੰਦਗੀ ਦੇ ਢੇਰਾਂ ਦੀ ਭਰਮਾਰ ਹੈ | ਲੋਕ ਆਪਣੇ ਘਰਾਂ ਦਾ ਕੂੜਾ ਇਨ੍ਹਾਂ ਚੌਕਾਂ 'ਤੇ ਲਿਆ ਕੇ ਸੁੱਟ ਰਹੇ ਹਨ | ਆਰੀਆ ਨਗਰ ਦੀਆਂ ਗਲੀਆਂ ਅੰਦਰ ਨਾਲੀਆਂ ਦੀ ਸਫ਼ਾਈ ਨਾ ਹੋਣ ਕਰਕੇ ਸੀਵਰੇਜ ਚੈਂਬਰ ਭਰ ਚੁੱਕੇ ਹਨ | ਜਿਸ ਕਰਕੇ ਨਾਲੀਆਂ ਦਾ ਪਾਣੀ ਸੜਕਾਂ 'ਤੇ ਫਿਰਦਾ ਹੈ | ਜਿਸ ਨਾਲ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸੇ ਤਰ੍ਹਾਂ ਸ਼ਹਿਰ ਦੇ ਮੁੱਖ ਬਾਜ਼ਾਰ ਗੁਰੂ ਤੇਗ਼ ਬਹਾਦਰ ਮਾਰਗ ਦੇ ਭਾਰਤ ਮੈਡੀਕਲ ਵਾਲੇ ਚੌਂਕ ਉੱਪਰ ਗੰਦਗੀ ਦੇ ਡੰਪ ਦੇ ਬਾਹਰ ਸੜਕ ਗੰਦਗੀ ਨਾਲ ਭਰ ਚੁੱਕੀ ਹੈ | ਇਕ ਪਾਸੇ ਦੁਕਾਨਦਾਰ ਦੂਸਰੇ ਪਾਸੇ ਜ਼ਮੀਨ 'ਤੇ ਸਬਜ਼ੀ ਰੱਖ ਕੇ ਵੇਚਣ ਵਾਲੇ ਹਨ | ਦਿਨ ਬਦਿਨ ਗੰਦਗੀ ਦੀ ਬਦਬੂ ਵੱਖ ਰਹੀ ਹੈ | ਜਿਸ ਤੋਂ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਡੈਡ ਹਾਊਸ ਰੋਡ 'ਤੇ ਤਿੰਨ, ਚਾਰ ਥਾਵਾਂ 'ਤੇ ਗੰਦਗੀ ਹੀ ਗੰਦਗੀ ਨਜ਼ਰ ਆ ਰਹੀ ਹੈ | ਸੜਕ ਨਾਲ ਲੱਗਦੇ ਵੱਖ-ਵੱਖ ਮੁਹੱਲਿਆਂ ਦੇ ਲੋਕ ਰਾਤ ਸਮੇਂ ਇਥੇ ਗੰਦਗੀ ਸੁੱਟ ਜਾਂਦੇ ਹਨ | ਫ਼ਾਜ਼ਿਲਕਾ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਗਰਮੀਆਂ ਦੇ ਅੰਦਰ ਸਫ਼ਾਈ ਸੇਵਕਾਂ ਦੀ ਹੜਤਾਲ ਨਾਲ ਨੀਵੀਂਆਂ ਗਲੀਆਂ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਹੈ | ਆਰੀਆ ਨਗਰ ਦਾ ਮੁਹੱਲਾ, ਜਿਸ ਅੰਦਰ ਜ਼ਿਆਦਾਤਰ ਗ਼ਰੀਬ ਵਸੋਂ ਹੈ | ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਛੋਟੇ ਘਰਾਂ ਅੰਦਰ ਭਰ ਗਰਮੀ ਵਿਚ ਮੱਛਰ ਬਹੁਤ ਤੰਗ ਕਰ ਰਿਹਾ ਹੈ | ਸੜਕਾਂ 'ਤੇ ਫਿਰਦੇ ਗੰਦੇ ਪਾਣੀ ਤੋਂ ਮੱਛਰਾਂ ਦਾ ਭਰਮਾਰ ਹੋ ਰਹੀ ਹੈ | ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਤਾਂ ਨਗਰ ਕੌਂਸਲ ਦੇ ਪੀਣ ਵਾਲੇ ਪਾਣੀ ਦੇ ਨਾਲ ਸੀਵਰੇਜ ਦਾ ਪਾਣੀ ਰਲਣ ਕਰਕੇ ਭਾਰੀ ਮੁਸ਼ਕਿਲ ਬਣੀ ਹੋਈ ਹੈ | ਲੋਕ ਘਰਾਂ ਵਿਚ ਪਾਣੀ ਨਹੀਂ ਵਰਤ ਰਹੇ | ਆਮ ਘਰਾਂ ਅੰਦਰ ਪੀਣ ਵਾਲੇ ਪਾਣੀ ਦੀ ਸਮੱਸਿਆ ਬਣੀ ਹੈ | ਸ਼ਹਿਰ ਦੇ ਵਿਕਾਸ ਪੱਖੋਂ ਮੋਹਰੀ ਗਿਣੇ ਜਾਂਦੇ ਸਿਵਲ ਲਾਈਨ ਇਲਾਕੇ ਅੰਦਰ ਟੂਟੀਆਂ ਵਿਚੋਂ ਸੀਵਰੇਜ ਦਾ ਪਾਣੀ ਆਮ ਆ ਰਿਹਾ ਹੈ | ਸ਼ਹਿਰ ਦੇ ਲੋਕਾਂ ਦੀ ਮੰਗ ਹੈ ਕਿ ਸਰਕਾਰ ਜਾਗੇ ਅਤੇ ਸਫ਼ਾਈ ਸੇਵਕ ਯੂਨੀਅਨ ਨਾਲ ਬੈਠ ਕੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕਰੇ | ਉਨ੍ਹਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਮੰਨੀਆਂ ਜਾਣ ਤਾਂ ਜੋ ਸ਼ਹਿਰਾਂ ਵਿਚ ਵੱਧ ਰਹੇ ਪ੍ਰਦੂਸ਼ਨ ਨੂੰ ਹਟਾਇਆ ਜਾ ਸਕੇ |