ਵਿਸ਼ਵ ਹਾਈਪਰ ਟੈਂਸ਼ਨ ਦਿਵਸ ਸੰਬੰਧੀ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਅਜੀਤ ਡੈਸਕ
19-05-2026
ਪ੍ਰੋਗਰਾਮ ਦੌਰਾਨ ਡਾ.ਅਭੀਨਵ ਸਚਦੇਵਾ ਅਤੇ ਡਾ.ਗਾਇਤਰੀ ਪੁਜਾਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਲਈ ਹਰ ਹਫ਼ਤੇ ਘੱਟੋ-ਘੱਟ ਇੱਕ ਵਾਰ ਇਸ ਦੀ ਜਾਂਚ ਜ਼ਰੂਰ ਕਰਵਾਓ | ਬੀ.ਪੀ.ਵੱਧ ਆਉਣ ਦੀ ਸੂਰਤ ਵਿਚ ਡਾਕਟਰ ਦੀ ਸਲਾਹ ਅਨੁਸਾਰ ਬਿਨਾਂ ਕੋਈ ਨਾਗ਼ਾ ਦਵਾਈ ਖਾਣੀ ਚਾਹੀਦੀ ਹੈ | ਉਨ੍ਹਾਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਆਪਣਾ ਵਜ਼ਨ ਕੰਟਰੋਲ ਵਿਚ ਰੱਖੋ, ਨਮਕ 'ਤੇ ਖੰਡ ਦੀ ਵਰਤੋਂ ਘੱਟ ਕਰੋ, ਤਲੀਆਂ ਚੀਜ਼ਾਂ ਅਤੇ ਫਾਸਟ ਫੂਡ ਤੋਂ ਪਰਹੇਜ਼ ਕਰੋ | ਰੋਜ਼ਾਨਾ ਸੈਰ, ਯੋਗਾ ਤੇ ਕਸਰਤ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਓ | ਮਾਨਸਿਕ ਤਣਾਅ ਨੂੰ ਘੱਟ ਕਰਨ ਲਈ ਮੈਡੀਟੇਸ਼ਨ ਕਰੋ ਅਤੇ ਪਰਿਵਾਰ ਵਿਚ ਬੈਠ ਕੇ ਦਿਲ ਦੀਆਂ ਗੱਲਾਂ ਸਾਂਝੀਆਂ ਕਰੋ | ਇਸ ਤੋਂ ਇਲਾਵਾ ਸੰਤੁਲਿਤ ਭੋਜਨ, ਹਰੀਆਂ ਸਬਜ਼ੀਆਂ, ਫਲਾਂ ਦਾ ਸੇਵਨ ਕਰੋ ਅਤੇ ਵੱਧ ਤੋਂ ਵੱਧ ਪਾਣੀ ਪੀਓ | ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਿੰਕੂ ਚਾਵਲਾ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ-ਕੱਲ੍ਹ ਬੱਚੇ ਵੀ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋ ਰਹੇ ਹਨ | ਇਸ ਲਈ ਬਚਪਨ ਤੋਂ ਹੀ ਬੱਚਿਆਂ ਨੂੰ ਬਾਹਰਲੇ ਖਾਣੇ, ਫਾਸਟ ਫੂਡ, ਵੱਧ ਚੀਨੀ ਤੇ ਨਮਕ ਤੋਂ ਦੂਰ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਸੈਰ ਕਰਨ ਤੇ ਮੈਦਾਨੀ ਖੇਡਾਂ ਖੇਡਣ ਦੀ ਆਦਤ ਪਾਈ ਜਾਵੇ | ਇਸ ਮੌਕੇ ਵਿਨੋਦ ਖੁਰਾਨਾ, ਮਨਬੀਰ ਸਿੰਘ ਅਤੇ ਦਿਵੇਸ਼ ਕੁਮਾਰ ਨੇ ਵੀ ਹਾਜ਼ਰ ਲੋਕਾਂ ਨੂੰ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵਿਚ ਸਕਾਰਾਤਮਿਕ ਬਦਲਾਅ ਲਿਆਉਣ ਦੀ ਅਪੀਲ ਕੀਤੀ |
ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਡਾ.ਰਾਜਵੀਰ ਕੰਬੋਜ, ਸੁਖਦੇਵ ਸਿੰਘ, ਮੋਹਿਤ ਅਤੇ ਸਿਹਤ ਵਿਭਾਗ ਦੇ ਹੋਰ ਕਰਮਚਾਰੀ 'ਤੇ ਪਤਵੰਤੇ ਹਾਜ਼ਰ ਸਨ |