ਫ਼ਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਜਾਰੀ ਚੋਣ ਸ਼ਡਿਊਲ ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਆਉਂਦੀ ਨਗਰ ਨਿਗਮ ਅਬੋਹਰ, ਨਗਰ ਕੌਂਸਲ ਫ਼ਾਜ਼ਿਲਕਾ 'ਤੇ ਨਗਰ ਪੰਚਾਇਤ ਅਰਨੀਵਾਲਾ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਕੁੱਲ 362 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ ਜਿਸ ਵਿਚੋਂ 18 ਮਈ ਨੂੰ ਬੀਤੇ ਦਿਨ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਉਪਰੰਤ 20 ਨਾਮਜ਼ਦਗੀ ਪੱਤਰ ਰੱਦ ਹੋਏ ਹਨ 'ਤੇ 19 ਮਈ ਨੂੰ 7 ਉਮੀਦਵਾਰ ਵਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ | ਇਸ ਪ੍ਰਕਾਰ ਹੁਣ ਕੁੱਲ 335 ਉਮੀਦਵਾਰ ਚੋਣ ਲੜਨ ਲਈ ਮੈਦਾਨ ਵਿਚ ਉੱਤਰਨਗੇ | ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਅਬੋਹਰ ਤੋਂ 195, ਫ਼ਾਜ਼ਿਲਕਾ ਤੋਂ 120 ਅਤੇ ਅਰਨੀਵਾਲਾ ਸ਼ੇਖ਼ ਸੁਭਾਨ ਤੋਂ 47 ਉਮੀਦਵਾਰ ਜੋ ਕਿ ਕੁੱਲ 962 ਉਮੀਦਵਾਰ ਬਣਦੇ ਹਨ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ | ਬੀਤੇ ਦਿਨ 18 ਮਈ ਨੂੰ ਅਬੋਹਰ ਦੇ 18 ਅਤੇ ਫ਼ਾਜ਼ਿਲਕਾ ਦੇ 2 ਨਾਮਜ਼ਦਗੀ ਪੱਤਰ ਰੱਦ ਹੋਏ ਹਨ, ਇਸ ਪ੍ਰਕਾਰ ਬੀਤੇ ਦਿਨ ਤੱਕ 342 ਨਾਮਜ਼ਦਗੀ ਪੱਤਰ ਯੋਗ ਪਾਏ ਸਨ | 19 ਮਈ ਨੂੰ ਅਬੋਹਰ ਤੋਂ 2 ਅਤੇ ਫ਼ਾਜ਼ਿਲਕਾ ਤੋਂ 7 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ, ਇਸ ਪ੍ਰਕਾਰ ਹੁਣ 335 ਉਮੀਦਵਾਰ ਰਹਿ ਗਏ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਜ਼ਿਲ੍ਹੇ ਵਿਚ ਕੁੱਲ 86 ਵਾਰਡਾਂ ਵਿਚ 189 ਪੋਲਿੰਗ ਬੂਥ ਬਣਾਏ ਗਏ ਹਨ | ਨਗਰ ਨਿਗਮ ਅਬੋਹਰ ਵਿਚ 50 ਵਾਰਡ 'ਤੇ 120 ਪੋਲਿੰਗ ਬੂਥ, ਨਗਰ ਕੌਂਸਲ ਫ਼ਾਜ਼ਿਲਕਾ ਵਿਚ 25 ਵਾਰਡ 'ਤੇ 58 ਪੋਲਿੰਗ ਬੂਥ ਅਤੇ ਨਗਰ ਪੰਚਾਇਤ ਅਰਨੀਵਾਲਾ ਵਿਚ 11 ਵਾਰਡ ਤੇ 11 ਪੋਲਿੰਗ ਬੂਥ ਬਣਾਏ ਗਏ ਹਨ ਜਿੱਥੇ 26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ | ਉਨ੍ਹਾਂ ਅੱਗੇ ਦੱਸਿਆ ਕਿ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਵਿਚ 1,73,754 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਜਿਨ੍ਹਾਂ ਵਿਚੋਂ 91,474 ਮਰਦ ਅਤੇ 82,272 ਅÏਰਤਾਂ ਜਦਕਿ 8 ਅਦਰ ਵੋਟਰ ਹਨ | ਉਨ੍ਹਾਂ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ | ਵੋਟਾਂ ਦੀ ਗਿਣਤੀ 29 ਮਈ 2026 ਨੂੰ ਹੋਵੇਗੀ |