ਫ਼ਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਫ਼ਾਜ਼ਿਲਕਾ ਸਥਿਤ ਆਸ਼ਰਮ ਵਿਚ ਹਫ਼ਤਾਵਾਰੀ ਸਤਿਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਅਧਿਆਤਮਿਕ ਸਮਾਗਮ ਵਿਚ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰੀ | ਸਮਾਗਮ ਦੌਰਾਨ ਸਾਧਵੀ ਹਰਪਿੰਦਰ ਭਾਰਤੀ ਨੇ ਸੰਗਤ ਨੂੰ ਅੰਮਿ੍ਤਮਈ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ | ਸੰਗਤ ਨੂੰ ਸੰਬੋਧਨ ਕਰਦਿਆਂ ਸਾਧਵੀ ਹਰਪਿੰਦਰ ਭਾਰਤੀ ਨੇ ਕਿਹਾ ਕਿ ਜੋ ਲੋਕ ਖ਼ੁਦ ਸਹੀ ਰਸਤਾ ਨਹੀਂ ਜਾਣਦੇ, ਉਹ ਸਾਨੂੰ ਕਦੇ ਵੀ ਸੱਚਾ ਮਾਰਗ ਨਹੀਂ ਦਿਖਾ ਸਕਦੇ | ਉਨ੍ਹਾਂ ਉਦਾਹਰਨ ਦਿੰਦਿਆਂ ਸਮਝਾਇਆ ਕਿ ਜੋ ਲੋਕ ਚੱਕੀ ਦੇ ਦੋ ਪੁੜਾਂ ਦੇ ਵਿਚਕਾਰ ਫਸੇ ਹੋਏ ਹਨ, ਉਹ ਸਾਨੂੰ ਮੁਕਤੀ ਦਾ ਰਾਹ ਨਹੀਂ ਦਿਖਾ ਸਕਦੇ | 'ਪੁੜਾਂ' ਤੋਂ ਭਾਵ ਅਜਿਹੇ ਲੋਕਾਂ ਤੋਂ ਹੈ ਜਿਨ੍ਹਾਂ ਦਾ ਮਨ ਹਰ ਵੇਲੇ ਇੱਧਰ-ਉੱਧਰ ਭਟਕਦਾ ਰਹਿੰਦਾ ਹੈ ਅਤੇ ਜੋ ਵੱਖ-ਵੱਖ ਦਿਸ਼ਾਵਾਂ ਵਿਚ ਭੰਬਲਭੂਸੇ ਦਾ ਸ਼ਿਕਾਰ ਹਨ | ਅਜਿਹੇ ਲੋਕ ਸਾਨੂੰ ਕਦੇ ਵੀ ਜੀਵਨ ਦੇ ਕਲਿਆਣ ਜਾਂ ਬ੍ਰਹਮ-ਗਿਆਨ ਦੇ ਅਧਿਆਤਮਿਕ ਮਾਰਗ 'ਤੇ ਅੱਗੇ ਨਹੀਂ ਲੈ ਜਾ ਸਕਦੇ ਕਿਉਂਕਿ ਉਹ ਖ਼ੁਦ ਇਸ ਮਾਰਗ ਤੋਂ ਅਣਜਾਣ ਹਨ | ਉਨ੍ਹਾਂ ਕਿਹਾ ਕਿ ਜੋ ਲੋਕ ਪੂਰੀ ਤਰ੍ਹਾਂ ਸੰਸਾਰਿਕ ਮੋਹ-ਮਾਇਆ ਵਿਚ ਲਿਪਤ ਹਨ ਅਤੇ ਮਾਨਸਿਕ ਤੌਰ 'ਤੇ ਖਿੰਡੇ ਹੋਏ ਹਨ, ਉਨ੍ਹਾਂ ਦੇ ਪਿੱਛੇ ਚੱਲਣ ਵਾਲਾ ਇਨਸਾਨ ਖ਼ੁਦ ਨੂੰ ਖ਼ਤਰੇ ਵਿਚ ਪਾਉਂਦਾ ਹੈ | ਇਸੇ ਲਈ ਧਾਰਮਿਕ ਗ੍ਰੰਥਾਂ ਵਿਚ ਸਲਾਹ ਦਿੱਤੀ ਗਈ ਹੈ ਕਿ ਮਨੁੱਖ ਨੂੰ ਕੇਵਲ 'ਬ੍ਰਹਮਨਿਸ਼ਠ ਗੁਰੂ' ਦੀ ਸ਼ਰਨ ਵਿਚ ਜਾਣਾ ਚਾਹੀਦਾ ਹੈ, ਜੋ ਖ਼ੁਦ ਪ੍ਰਮਾਤਮਾ ਦੇ ਸੱਚੇ ਸਰੂਪ ਵਿਚ ਸਥਿਤ ਹੋਣ | ਕੇਵਲ ਇਕ ਸੱਚਾ ਗੁਰੂ ਹੀ ਸਾਡੇ ਅੰਦਰ ਛਿਪੇ ਪਰਮ ਬ੍ਰਹਮ ਦੇ ਦਰਸ਼ਨ ਕਰਵਾ ਸਕਦਾ ਹੈ ਅਤੇ ਬ੍ਰਹਮ-ਗਿਆਨ ਦਾ ਅਲੌਕਿਕ ਅਨੁਭਵ ਪ੍ਰਦਾਨ ਕਰ ਸਕਦਾ ਹੈ | ਗੁਰੂ ਤੋਂ ਬਿਨਾਂ ਜੀਵਨ ਦੇ ਕਲਿਆਣ ਦਾ ਕੋਈ ਦੂਜਾ ਰਸਤਾ ਨਹੀਂ ਹੈ | ਸਤਿਸੰਗ ਪ੍ਰੋਗਰਾਮ ਦੇ ਅਖੀਰ ਵਿਚ ਸਾਧਵੀ ਗੁਰਪ੍ਰੀਤ ਭਾਰਤੀ ਵਲੋਂ ਸੁਰੀਲੇ ਭਜਨਾਂ ਦਾ ਗਾਇਣ ਕੀਤਾ ਗਿਆ |