ਜਲਾਲਾਬਾਦ, 19 ਮਈ (ਕਰਨ ਚੁਚਰਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੁਹੇਲੇ ਵਾਲਾ ਵਿਖੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਅਤੇ ਉਨ੍ਹਾਂ ਦੀਆਂ ਸਾਲਾਨਾ ਪ੍ਰਾਪਤੀਆਂ ਨੂੰ ਸਮਰਪਿਤ ਇਕ ਸ਼ਾਨਦਾਰ ਅਤੇ ਯਾਦਗਾਰੀ ਸਮਾਰੋਹ ਕਰਵਾਇਆ ਗਿਆ | ਇਸ ਵਿਸ਼ੇਸ਼ ਸਮਾਗਮ ਦੌਰਾਨ 'ਗਰੈਜੂਏਸ਼ਨ ਸੈਰੇਮਨੀ', 'ਅਕੈਡਮਿਕ ਇਨਾਮ ਵੰਡ ਸਮਾਰੋਹ' ਅਤੇ 'ਡਾਂਸ ਪ੍ਰਾਈਜ਼ ਡਿਸਟ੍ਰੀਬਿਊਸ਼ਨ' ਪ੍ਰੋਗਰਾਮ ਖਿੱਚ ਦਾ ਕੇਂਦਰ ਰਹੇ | ਸਮਾਗਮ ਦੀ ਸ਼ੁਰੂਆਤ ਦੌਰਾਨ ਸਕੂਲ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਵੱਖ-ਵੱਖ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਅਤੇ ਕੋਰੀਓਗ੍ਰਾਫੀ ਪੇਸ਼ਕਾਰੀਆਂ ਦੇ ਕੇ ਹਾਜ਼ਰ ਦਰਸ਼ਕਾਂ ਅਤੇ ਮਾਪਿਆਂ ਨੂੰ ਮੰਤਰ-ਮੁਗਧ ਕਰ ਦਿੱਤਾ | ਗਰੈਜੂਏਸ਼ਨ ਸੈਰੇਮਨੀ ਦੌਰਾਨ ਅਗਲੀਆਂ ਜਮਾਤਾਂ ਵਿਚ ਪ੍ਰਵੇਸ਼ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਡਿਗਰੀਆਂ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਦੇ ਨਾਲ ਹੀ ਪੜ੍ਹਾਈ, ਡਾਂਸ ਅਤੇ ਹੋਰ ਸਹਿ-ਵਿੱਦਿਅਕ ਗਤੀਵਿਧੀਆਂ ਵਿਚ ਮੋਹਰੀ ਰਹਿਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਟਰਾਫ਼ੀਆਂ ਦੇ ਕੇ ਨਿਵਾਜਿਆ ਗਿਆ | ਇਸ ਸਮਾਗਮ ਵਿਚ 'ਲੋਰੀਅਲ ਇੰਟਰਨੈਸ਼ਨਲ ਪਬਲਿਕ ਸਕੂਲ' ਦੇ ਪਿ੍ੰਸੀਪਲ ਮੈਡਮ ਅਨੂਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਮਾਤਾ ਗੁਜਰੀ ਪਬਲਿਕ ਸਕੂਲ ਦੇ ਪਿ੍ੰਸੀਪਲ ਮੈਡਮ ਪਰਵਿੰਦਰਜੀਤ ਕੌਰ ਨੇ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹਨ, ਕਿਉਂਕਿ ਇਨ੍ਹਾਂ ਨਾਲ ਬੱਚਿਆਂ ਵਿਚ ਆਤਮ-ਵਿਸ਼ਵਾਸ, ਸਕਾਰਾਤਮਿਕ ਪੇ੍ਰਰਨਾ ਅਤੇ ਨਵੀਂ ਊਰਜਾ ਪੈਦਾ ਹੁੰਦੀ ਹੈ | ਉਨ੍ਹਾਂ ਨੇ ਸਕੂਲ ਦੀਆਂ ਸਾਲਾਨਾ ਪ੍ਰਾਪਤੀਆਂ ਦੀ ਰਿਪੋਰਟ ਵੀ ਸਾਂਝੀ ਕੀਤੀ | ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਪਹੁੰਚੇ ਮਾਪਿਆਂ ਨੇ ਤਾਲੀਆਂ ਵਜਾ ਕੇ ਬੱਚਿਆਂ ਦਾ ਉਤਸ਼ਾਹ ਵਧਾਇਆ | ਅੰਤ ਵਿਚ ਸਕੂਲ ਕੋਆਰਡੀਨੇਟਰ ਮੈਡਮ ਅੰਜੂ ਨੇ ਸਮਾਗਮ ਵਿਚ ਪਹੁੰਚੇ ਸਮੂਹ ਮਹਿਮਾਨਾਂ, ਪਤਵੰਤੇ ਸੱਜਣਾਂ, ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਸਭ ਨੂੰ ਵਧਾਈ ਦਿੱਤੀ |