ਅਬੋਹਰ, 3 ਜੂਨ (ਤੇਜਿੰਦਰ ਸਿੰਘ ਖ਼ਾਲਸਾ) ਆਲ ਇੰਡੀਆ ਅਰੋੜਾ ਖੱਤਰੀ ਸਭਾ ਵਲੋਂ ਅਬੋਹਰ ਦੀ ਅਰੋੜਵੰਸ਼ ਧਰਮਸ਼ਾਲਾ ਵਿਖੇ ਰੱਖੇ ਇਕ ਪ੍ਰੋਗਰਾਮ ਦੌਰਾਨ ਇਲਾਕੇ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਲੋੜਵੰਦ ਅਤੇ ਹੋਣਹਾਰ 446 ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਵੰਡੀਆਂ ਗਈਆਂ | ਇਸ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ ਅਬੋਹਰ ਦੇ ਉਪ ਮੰਡਲ ਮੈਜਿਸਟਰੇਟ ਰਵਿੰਦਰ ਸਿੰਘ ਅਰੋੜਾ ਨੇ ਸ਼ਿਰਕਤ ਕੀਤੀ, ਜਿਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਤਾਬਾਂ ਪੜ੍ਹਨ ਨਾਲ ਹੀ ਵਿਦਿਆਰਥੀਆਂ ਦਾ ਭਵਿੱਖ ਉਜਲਾ ਹੋਵੇਗਾ | ਉਨ੍ਹਾਂ ਕਿਹਾ ਕਿ ਸਿਰਫ਼ ਇੰਟਰਨੈੱਟ ਨਾਲ ਸਫਲਤਾ ਹਾਸਲ ਨਹੀਂ ਕੀਤੀ ਜਾ ਸਕਦੀ, ਅਸਲ ਗਿਆਨ ਕਿਤਾਬਾਂ ਤੋਂ ਮਿਲਦਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਕਈ ਬੱਚੇ ਹੋਣਗੇ ਜਿਨ੍ਹਾਂ ਦੇ ਪਰਿਵਾਰ ਮਹਿੰਗੀਆਂ ਕਿਤਾਬਾਂ ਖ਼ਰੀਦਣ ਤੋਂ ਅਸਮਰਥ ਹੋਣਗੇ ਜਿਨ੍ਹਾਂ ਦੇ ਲਈ ਮੁਫ਼ਤ ਕਿਤਾਬਾਂ ਉਪਲਬਧ ਕਰਵਾਉਣਾ ਸੱਚ-ਮੁੱਚ ਸਿੱਖਿਆ ਕ੍ਰਾਂਤੀ ਨੂੰ ਉਤਸ਼ਾਹਿਤ ਕਰਨਾ ਹੈ | ਰਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਮਾਪਿਆਂ ਦਾ ਵੀ ਇਹ ਕਰਤੱਵ ਹੈ ਕਿ ਉਹ ਗਰਮੀ ਦੀਆਂ ਛੁੱਟੀਆਂ ਵਿਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਚੰਗੇ ਸੰਸਕਾਰ ਵੀ ਵਿਕਸਿਤ ਕਰਨ ਤਾਂ ਜੋ ਮੌਸਮ ਦੀ ਅਤੇ ਗ਼ਲਤ ਅਨਸਰਾਂ ਦੀ ਸੰਗਤ ਤੋਂ ਬਚਾਇਆ ਜਾ ਸਕੇ | ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਡੀ.ਏ.ਵੀ. ਕਾਲਜ ਦੇ ਪਿ੍ੰਸੀਪਲ ਡਾ.ਰਾਜੇਸ਼ ਕੁਮਾਰ ਮਹਾਜਨ ਅਤੇ ਵਿਮਲ ਠੱਠਈ ਨੇ ਵੀ ਸੰਸਥਾ ਦੇ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ | ਅੰਤ ਵਿਚ ਕਰਨਲ ਐੱਸ.ਪੀ.ਆਰ ਗਾਬਾ ਨੇ ਆਏ ਮਹਿਮਾਨਾਂ ਅਤੇ ਸੰਸਥਾ ਮੈਂਬਰਾਂ ਦਾ ਧੰਨਵਾਦ ਕੀਤਾ |