14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਪੈਦਲ ਯਾਤਰਾ ਲਈ ਨਿਕਲਿਆ ਵਿਅਕਤੀ ਪੰਜਾਬ-ਰਾਜਸਥਾਨ ਬਾਰਡਰ ਤੋਂ ਹੋਇਆ ਲਾਪਤਾ

ਅਜੀਤ ਡੈਸਕ 05-06-2026
ਅਬੋਹਰ, 4 ਜੂਨ (ਤੇਜਿੰਦਰ ਸਿੰਘ ਖ਼ਾਲਸਾ)-ਦੇਸ਼ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਅਤੇ ਨੌਜਵਾਨਾਂ ਵਿਚ ਦੇਸ਼ ਭਗਤੀ ਦਾ ਸੰਦੇਸ਼ ਫੈਲਾਉਣ ਲਈ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਕਰੀਬ 4000 ਕਿੱਲੋਮੀਟਰ ਦੀ ਨੰਗੇ ਪੈਰ ਪੈਦਲ ਯਾਤਰਾ ‘ਤੇ ਨਿਕਲੇ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਰਹਿਣ ਵਾਲੇ ਨਰਿੰਦਰ ਕਾਲੀਆ ਦੇ ਅਚਾਨਕ ਲਾਪਤਾ ਹੋ ਜਾਣ ਨਾਲ ਪਰਿਵਾਰ ਲਈ ਚਿੰਤਾ ਅਤੇ ਡਰ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੇਸ਼ ਦੇ ਵੀਰ ਜਵਾਨਾਂ ਨੂੰ ਸਲਾਮ ਕਰਨ ਨਿਕਲਿਆ ਇਹ ਦੇਸ਼ ਭਗਤ ਖ਼ੁਦ ਪੰਜਾਬ ਰਾਜਸਥਾਨ ਦੇ ਬਾਰਡਰ ਨੇੜੇ ਪਿਛਲੇ ਇਕ ਮਹੀਨੇ ਤੋਂ ਲਾਪਤਾ ਹੈ ਅਤੇ ਉਸ ਬਾਰੇ ਅਜੇ ਤੱਕ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ। ਮਿਲੀ ਜਾਣਕਾਰੀ ਅਨੁਸਾਰ ਕਰੀਬ 46 ਸਾਲਾਂ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹਾ ਦੇ ਰਹਿਣ ਵਾਲੇ ਨਰਿੰਦਰ ਕਾਲੀਆ ਨੇ 10 ਫਰਵਰੀ ਨੂੰ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਉਹ ਹਰ ਰੋਜ਼ �ਸਤਨ 35 ਕਿੱਲੋਮੀਟਰ ਪੈਦਲ ਚੱਲਦੇ ਹੋਏ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸ਼ਹੀਦ ਸਮਾਰਕਾਂ ਅਤੇ ਫ਼ੌਜੀ ਥਾਵਾਂ ‘ਤੇ ਜਾ ਕੇ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਸੀ। ਇਸ ਦੌਰਾਨ 1 ਮਈ ਤੋਂ ਬਾਅਦ ਨਰਿੰਦਰ ਕਾਲੀਆ ਦੀ ਪਰਿਵਾਰ ਨਾਲ ਗੱਲਬਾਤ ਹੋਣੀ ਬੰਦ ਹੋ ਜਾਂਦੀ ਹੈ ਅਤੇ ਪਰਿਵਾਰ ਚਿੰਤਾ ਵਿਚ ਹੋ ਜਾਂਦਾ ਹੈ ਅਤੇ ਲਗਾਤਾਰ ਨਰਿੰਦਰ ਕਾਲੀਆ ਦੇ ਫ਼ੋਨ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸੰਬੰਧੀ ਭਾਲ ਵਿਚ ਜੁਟੇ ਨਰਿੰਦਰ ਕਾਲੀਆ ਦੇ ਪਰਿਵਾਰਿਕ ਮੈਂਬਰਾਂ ਨੇ ਅਬੋਹਰ ਦੇ ਡੀ.ਐੱਸ.ਪੀ ਦਫ਼ਤਰ ਬਾਹਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਮਈ ਨੂੰ ਪੰਜਾਬ ਰਾਜਸਥਾਨ ਸਰਹੱਦ ਨੇੜੇ ਹਿੰਦੂਮਲਕੋਟ ਦੀ ਰਾਜਸਥਾਨ ਪੁਲਿਸ ਨੂੰ ਨਰਿੰਦਰ ਕਾਲੀਆ ਦਾ ਬੈਗ ਮਿਲਿਆ ਸੀ। ਇਸ ਬੈਗ ਵਿਚ ਨਰਿੰਦਰ ਕਾਲੀਆ ਦੇ ਸਾਰੇ ਮਹੱਤਵਪੂਰਨ ਦਸਤਾਵੇਜ਼, ਮੋਬਾਈਲ ਫ਼ੋਨ, ਕੱਪੜੇ ਅਤੇ ਭਾਰਤ ਦਾ ਤਿਰੰਗਾ ਮੌਜੂਦ ਸੀ। ਨਰਿੰਦਰ ਕਾਲੀਆ ਦੀ ਪਤਨੀ ਨਿਧੀ ਸ਼ਰਮਾ ਨੇ ਦੱਸਿਆ ਕਿ ਬੈਗ ਮਿਲਣ ਤੋਂ ਬਾਅਦ ਉਮੀਦ ਬਣੀ ਕਿ ਨਰਿੰਦਰ ਕਾਲੀਆ ਦਾ ਵੀ ਜਲਦ ਪਤਾ ਲੱਗ ਜਾਵੇਗਾ, ਪਰ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ। ਪਰਿਵਾਰ ਲਗਾਤਾਰ ਰਾਜਸਥਾਨ ਅਤੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਉਨ੍ਹਾਂ ਦੀ ਭਾਲ ਕਰ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਨਾਲ ਵੀ ਸੰਪਰਕ ਵਿਚ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਨਰਿੰਦਰ ਕਾਲੀਆ ਇਕ ਦੇਸ਼ ਭਗਤ ਅਤੇ ਸਮਾਜਿਕ ਸੋਚ ਵਾਲੇ ਵਿਅਕਤੀ ਹਨ, ਜੋ ਦੇਸ਼ ਦੇ ਸ਼ਹੀਦਾਂ ਪ੍ਰਤੀ ਡੂੰਘੀ ਸ਼ਰਧਾ ਰੱਖਦੇ ਹਨ। ਅਜਿਹੇ ਵਿਅਕਤੀ ਦਾ ਅਚਾਨਕ ਲਾਪਤਾ ਹੋ ਜਾਣਾ ਨਾ ਸਿਰਫ਼ ਪਰਿਵਾਰ ਲਈ, ਸਗੋਂ ਸਮਾਜ ਅਤੇ ਦੇਸ਼ ਲਈ ਵੀ ਚਿੰਤਾ ਦਾ ਵਿਸ਼ਾ ਹੈ। ਨਰਿੰਦਰ ਕਾਲੀਆ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਸੰਬੰਧਿਤ ਏਜੰਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਦੀ ਭਾਲ ਲਈ ਵਿਸ਼ੇਸ਼ ਯਤਨ ਕੀਤੇ ਜਾਣ। ਪਰਿਵਾਰ ਨੇ ਕਿਹਾ ਕਿ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਠੋਸ ਜਾਣਕਾਰੀ ਸਾਹਮਣੇ ਨਾ ਆਉਣਾ ਪੁਲਿਸ ਜਾਂਚ ‘ਤੇ ਵੀ ਕਈ ਸਵਾਲ ਖੜ੍ਹੇ ਕਰਦਾ ਹੈ ਜਦ ਕਿ ਅਸੀਂ ਪੰਜਾਬ ਅਤੇ ਰਾਜਸਥਾਨ ਪੁਲਿਸ ਨਾਲ ਰਾਬਤਾ ਕਰਕੇ ਥੱਕ ਚੁੱਕੇ ਹਾਂ। ਇਸ ਸੰਬੰਧੀ ਵਿਚ ਨਰਿੰਦਰ ਕਾਲੀਆ ਦੇ ਪਰਿਵਾਰਕ ਮੈਂਬਰ ਅਬੋਹਰ ਦੇ ਡੀ.ਐੱਸ.ਪੀ ਹਰੀਸ਼ ਕੁਮਾਰ ਨੂੰ ਵੀ ਮਿਲੇ ਅਤੇ ਉਨ੍ਹਾਂ ਕੋਲ ਮਾਮਲੇ ਵਿਚ ਸਹਿਯੋਗ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਜੂਨ 1984 ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦਾ ਅਪਮਾਨ ਸਹਿਣ ਨਹੀਂ ਕੀਤਾ ਜਾਵੇਗਾ-ਜਥੇਦਾਰ ਜਾਮਨੀਆ ਅਗਲੀ ਖ਼ਬਰ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਦੇ ਰਿਵਾਈਜ਼ਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।