ਅਬੋਹਰ, 4 ਜੂਨ (ਤੇਜਿੰਦਰ ਸਿੰਘ ਖ਼ਾਲਸਾ) -ਸਿੱਖ ਕੌਮ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜੂਨ 1984 ਤਹਿਤ ਸਾਕਾ ਨੀਲਾ ਤਾਰਾ ਅਧੀਨ ਕੀਤੇ ਗਏ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੱਖਾਂ ਦਾ ਅਪਮਾਨ ਸਹਿਣ ਨਹੀਂ ਕੀਤਾ ਜਾਵੇਗਾ। ਉਕਤ ਸ਼ਬਦ ਸਥਾਨਕ ਕੰਧਵਾਲਾ ਰੋਡ ਸਥਿਤ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਇਲਾਕੇ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਜਥੇਦਾਰ ਬਖ਼ਸ਼ੀਸ਼ ਸਿੰਘ ਜਾਮਣੀਆ ਨੇ ਸਾਂਝੇ ਕੀਤੇ। ਇਸ ਦੌਰਾਨ ਸਮੂਹ ਸਿੱਖ ਜਥੇਬੰਦੀਆਂ ਨੇ ਇਕ ਸੁਰ ਵਿਚ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਬਜਰੰਗ ਦਲ ਸਣੇ ਇਲਾਕੇ ਦੇ ਫ਼ਿਰਕੂ ਪ੍ਰਸਤ ਅਨਸਰਾਂ ਨੇ ਜੇਕਰ 6 ਜੂਨ ਨੂੰ ਕੋਈ ਗੜਬੜੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਨਤੀਜਿਆਂ ਲਈ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਇਸ ਸੰਬੰਧੀ ਸਿੱਖ ਜਥੇਬੰਦੀਆਂ ਦੇ ਵਫ਼ਦ ਨੇ ਅਬੋਹਰ ਦੇ ਉਪ ਮੰਡਲ ਮੈਜਿਸਟਰੇਟ ਦੀ ਗੈਰ ਹਾਜ਼ਰੀ ਵਿਚ ਤਹਿਸੀਲਦਾਰ ਅਬੋਹਰ ਨੂੰ ਮੰਗ ਪੱਤਰ ਵੀ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸੰਗਤਸਰ ਦੇ ਪ੍ਰਧਾਨ ਬਲਜੀਤ ਸਿੰਘ, ਸੁਖਵੰਤ ਸਿੰਘ ਫ਼ੌਜੀ, ਜਥੇਦਾਰ ਬਖ਼ਸ਼ੀਸ਼ ਸਿੰਘ ਜਾਮਣੀਆ, ਸੁਖਜਿੰਦਰ ਸਿੰਘ ਰਾਜਨ ਆਦਿ ਨੇ ਦੱਸਿਆ ਕਿ ਸਮੁੱਚੀ ਸਿੱਖ ਕੌਮ ਵਲੋਂ 1 ਜੂਨ ਤੋਂ ਲੈ ਕੇ 6 ਜੂਨ ਤੱਕ ਜੂਨ 1984 ਵਿਚ ਭਾਰਤ ਸਰਕਾਰ ਵਲੋਂ ਸਿੱਖਾਂ ਦੇ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤੇ ਹਮਲੇ ਦੌਰਾਨ ਸ਼ਹੀਦ ਹੋਏ ਬੇਅੰਤ ਨਿਰਦੋਸ਼ ਸਿੱਖਾਂ ਦੀ ਸ਼ਹਾਦਤਾਂ ਦੀ ਯਾਦ ਵਿਚ ਸ਼ਹੀਦੀ ਦਿਨ ਮਨਾਏ ਜਾਂਦੇ ਹਨ। ਇਨ੍ਹਾਂ ਦਿਨਾਂ ਨਾਲ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਜਦ ਕਿ ਕੁੱਝ ਇਲਾਕੇ ਦੇ ਸ਼ਰਾਰਤੀ ਫ਼ਿਰਕੂ ਪ੍ਰਸਤ ਅਨਸਰ ਅਤੇ ਬਜਰੰਗ ਦਲ ਵਲੋਂ ਸ਼ਹੀਦਾਂ ਦੀ ਸ਼ਹਾਦਤਾਂ ਨੂੰ ਮਜ਼ਾਕ ਬਣਾ ਕੇ ਸਮਾਜ ਵਿਰੋਧੀ ਮਾਹੌਲ ਖ਼ਰਾਬ ਕਰਦੇ ਹੋਏ ਹਿੰਦੂ ਸਿੱਖਾਂ ਵਿਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਵਿਚ ਗੁੰਮਰਾਹਕੁੰਨ ਪ੍ਰਚਾਰ ਨਾਲ ਸਿੱਖਾਂ ਨੂੰ ਹਿੰਦੂ ਵਿਰੋਧੀ ਅੱਤਵਾਦੀ ਅਤੇ ਵੱਖਵਾਦੀ ਬਣਾ ਕੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਵੱਡੇ ਪੱਧਰ ‘ਤੇ ਠੇਸ ਪਹੁੰਚ ਸਕਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੰਜਾਬ ਵਿਚ ਹਿੰਦੂ ਸਿੱਖ ਭਾਈਚਾਰਾ ਦਾ ਮਾਹੌਲ ਖ਼ਰਾਬ ਨਾ ਹੋਵੇ, ਇਸ ਲਈ ਬਜਰੰਗ ਦਲ ਅਤੇ ਹੋਰ ਫ਼ਿਰਕੂ ਪ੍ਰਸਤ ਲੋਕਾਂ ਵਲੋਂ 6 ਜੂਨ ਨੂੰ ਕੀਤੇ ਜਾ ਰਹੇ ਅਖੌਤੀ ਪ੍ਰੋਗਰਾਮ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਨਹੀਂ ਤਾਂ ਉਕਤ ਪ੍ਰੋਗਰਾਮ ਦੇ ਵਿਰੋਧ ਵਿਚ ਆਉਣ ਵਾਲੇ ਨਤੀਜਿਆਂ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਸਿੱਖ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦਾਂ ਦਾ ਅਪਮਾਨ ਬਿਲਕੁਲ ਸਹਿਣ ਨਹੀਂ ਕੀਤਾ ਜਾਵੇਗਾ। ਇਸ ਮੌਕੇ ਅੰਮ੍ਰਿਤ ਪਾਲ ਸਿੰਘ, ਜਗਜੀਤ ਸਿੰਘ, ਪ੍ਰਗਟ ਸਿੰਘ, ਕੁਲਵੰਤ ਸਿੰਘ, ਮੱਖਣ ਸਿੰਘ, ਮਲਕੀਤ ਸਿੰਘ, ਵਿਨੈ ਪ੍ਰਤਾਪ ਸਿੰਘ ਖ਼ਾਲਸਾ, ਸ਼ੇਰ ਸਿੰਘ, ਰਸ਼ਪਾਲ ਸਿੰਘ, ਸੁਰਿੰਦਰ ਸਿੰਘ, ਮਨਪ੍ਰੀਤ ਸਿੰਘ, ਨਗਿੰਦਰ ਸਿੰਘ, ਅਮਰਜੀਤ ਸਿੰਘ, ਬਿੰਦਰ ਸਿੰਘ, ਵਿਸ਼ਾਲ ਸਿੰਘ, ਸ਼ੇਰ ਸਿੰਘ ਅਕਾਲੀ, ਸੁਖਬੀਰ ਸਿੰਘ, ਪ੍ਰਤਾਪ ਸਿੰਘ, ਜਸਪਿੰਦਰ ਸਿੰਘ, ਪ੍ਰਿੰਸ ਸਿੰਘ, ਗੁਰਵਿੰਦਰ ਸਿੰਘ ਖ਼ਾਲਸਾ, ਕੁਲਦੀਪ ਸਿੰਘ, ਵਿਕਰਮ, ਰਾਜਵੰਤ, ਅਨੂਪ ਸਿੰਘ, ਅਰਮਨਦੀਪ ਸਿੰਘ ਆਦਿ ਹਾਜ਼ਰ ਸਨ।
ਜੂਨ 1984 ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦਾ ਅਪਮਾਨ ਸਹਿਣ ਨਹੀਂ ਕੀਤਾ ਜਾਵੇਗਾ-ਜਥੇਦਾਰ ਜਾਮਨੀਆ
ਅਜੀਤ ਡੈਸਕ
05-06-2026