ਅਬੋਹਰ, 4 ਜੂਨ (ਵਿਵੇਕ ਹੂੜੀਆ)-ਵਨ ਵਿਭਾਗ ਵਿਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਮਿਹਨਤੀ ਅਧਿਕਾਰੀ ਹੇਮੰਤ ਮੱਲ੍ਹੀ ਨੂੰ ਅਬੋਹਰ ਦੇ ਵਨ ਰੇਂਜ ਅਫ਼ਸਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਵਿਭਾਗ ਵਲੋਂ ਜਾਰੀ ਹੁਕਮਾਂ ਤਹਿਤ ਉਨ੍ਹਾਂ ਨੇ ਅਬੋਹਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੇ ਅਹੁਦਾ ਸੰਭਾਲਣ ‘ਤੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਫਲ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਜਾਣਕਾਰੀ ਅਨੁਸਾਰ ਹੇਮੰਤ ਮੱਲ੍ਹੀ ਮੌਜੂਦਾ ਸਮੇਂ ਵਿਚ ਵਨ ਵਿਭਾਗ ਦੀ ਜ਼ੀਰਾ ਰੇਂਜ ਵਿਚ ਡਿਪਟੀ ਰੇਂਜਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਵਿਭਾਗ ਵਲੋਂ ਜਾਰੀ ਤਾਜ਼ਾ ਹੁਕਮਾਂ ਮੁਤਾਬਿਕ ਹੁਣ ਉਨ੍ਹਾਂ ਨੂੰ ਅਬੋਹਰ ਵਨ ਰੇਂਜ ਅਫ਼ਸਰ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ। ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਵਿਭਾਗੀ ਅਧਿਕਾਰੀਆਂ ਨਾਲ ਇੱਕ ਅਹਿਮ ਬੈਠਕ ਕੀਤੀ ਅਤੇ ਇਲਾਕੇ ਵਿਚ ਚੱਲ ਰਹੇ ਕੰਮਾਂ ‘ਤੇ ਆਗਾਮੀ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਹੇਮੰਤ ਮੱਲ੍ਹੀ ਨੇ ਕਿਹਾ ਕਿ ਵਿਭਾਗ ਵਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ, ਨਿਸ਼ਠਾ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਉਹ ਹਫ਼ਤੇ ਵਿਚ ਦੋ ਦਿਨ ਜ਼ੀਰਾ ਰੇਂਜ ਅਤੇ ਤਿੰਨ ਦਿਨ ਅਬੋਹਰ ਰੇਂਜ ਵਿਚ ਰਹਿ ਕੇ ਵਿਭਾਗੀ ਕੰਮਾਂ ਦੀ ਨਿਗਰਾਨੀ ਕਰਨਗੇ। ਉਨ੍ਹਾਂ ਦੀ ਮੁੱਖ ਤਰਜੀਹ ਵਨ ਸੁਰੱਖਿਆ, ਵਾਤਾਵਰਨ ਦੀ ਸੰਭਾਲ ਅਤੇ ਵਿਭਾਗੀ ਯੋਜਨਾਵਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨਾ ਹੋਵੇਗੀ। ਜ਼ਿਕਰਯੋਗ ਹੈ ਕਿ ਅਬੋਹਰ ਦੇ ਵਨ ਰੇਂਜ ਅਫ਼ਸਰ ਸਤਿੰਦਰਜੀਤ ਸਿੰਘ 31 ਮਈ ਨੂੰ ਸੇਵਾਮੁਕਤ ਹੋ ਗਏ ਸਨ, ਜਿਸ ਤੋਂ ਬਾਅਦ ਇਹ ਅਹੁਦਾ ਖ਼ਾਲੀ ਚੱਲ ਰਿਹਾ ਸੀ। ਵਿਭਾਗ ਨੇ ਪ੍ਰਸ਼ਾਸਨਿਕ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਹੇਮੰਤ ਮੱਲ੍ਹੀ ਨੂੰ ਇਹ ਵਾਧੂ ਜ਼ਿੰਮੇਵਾਰੀ ਸੌਂਪੀ ਹੈ। ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਮੀਦ ਜਤਾਈ ਹੈ ਕਿ ਉਨ੍ਹਾਂ ਦੇ ਤਜਰਬੇ ਅਤੇ ਕਾਰਜਸ਼ੈਲੀ ਦਾ ਲਾਭ ਅਬੋਹਰ ਰੇਂਜ ਨੂੰ ਮਿਲੇਗਾ ਅਤੇ ਵਨ ਸੁਰੱਖਿਆ ਗਤੀਵਿਧੀਆਂ ਨੂੰ ਹੋਰ ਮਜ਼ਬੂਤੀ ਮਿਲੇਗੀ।
ਹੇਮੰਤ ਮੱਲ੍ਹੀ ਨੇ ਅਬੋਹਰ ਵਨ ਰੇਂਜ ਦਾ ਵਾਧੂ ਚਾਰਜ ਸੰਭਾਲਿਆ
ਅਜੀਤ ਡੈਸਕ
05-06-2026