ਅਬੋਹਰ, 5 ਜੂਨ(ਵਿਵੇਕ ਹੂੜੀਆ)-ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ 'ਤੇ ਏਾਜਲਸ ਵਰਲਡ ਸਕੂਲ ਦੇ ਵਿਦਿਆਰਥੀਆਂ ਵਲੋਂ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੰਦਿਆਂ ਪੌਦੇ ਲਗਾਏ ਗਏ | ਗਰਮੀਆਂ ਦੀਆਂ ਛੁੱਟੀਆਂ ਦੀ ਸਕਾਰਾਤਮਿਕ ਵਰਤੋਂ ਕਰਦੇ ਹੋਏ ਇਨ੍ਹਾਂ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਆਪਣੇ ਮਾਪਿਆਂ ਨਾਲ ਮਿਲ ਕੇ ਵੱਖ-ਵੱਖ ਥਾਵਾਂ 'ਤੇ ਪੌਦੇ ਲਗਾਏ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬੱਚਿਆਂ ਨੇ ਬੜੀ ਸਿਆਣਪ ਨਾਲ ਕਿਹਾ ਕਿ ਲਗਾਤਾਰ ਵਧ ਰਹੀ ਗਰਮੀ ਅਤੇ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਰੁੱਖਾਂ ਦੀ ਸੰਭਾਲ ਅਤੇ ਨਵੇਂ ਪੌਦੇ ਲਗਾਉਣਾ ਬੇਹੱਦ ਜ਼ਰੂਰੀ ਹੈ | ਰੁੱਖ ਸਾਨੂੰ ਸਾਫ਼ ਹਵਾ, ਫਲ, ਸਬਜ਼ੀਆਂ, ਦਵਾਈਆਂ ਅਤੇ ਠੰਢੀ ਛਾਂ ਦਿੰਦੇ ਹਨ | ਜੇਕਰ ਅਸੀਂ ਅੱਜ ਵਾਤਾਵਰਨ ਦੀ ਰੱਖਿਆ ਕਰਾਂਗੇ, ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਤੇ ਸੁਰੱਖਿਅਤ ਮਾਹੌਲ ਮਿਲ ਸਕੇਗਾ | ਇਸ ਪੌਦਾ ਲਗਾਓ ਮੁਹਿੰਮ ਵਿਚ ਮਾਪਿਆਂ ਨੇ ਵੀ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਉਨ੍ਹਾਂ ਬੱਚਿਆਂ ਨੂੰ ਕੁਦਰਤ ਨਾਲ ਜੋੜਨ ਦੀ ਇਸ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ | ਸਕੂਲ ਦੇ ਡਾਇਰੈਕਟਰ ਸਰਬਜੀਤ ਪੋਪਲੀ ਨੇ ਕਿਹਾ ਕਿ ਸਕੂਲ ਸਿਰਫ਼ ਕਿਤਾਬੀ ਸਿੱਖਿਆ ਦਾ ਕੇਂਦਰ ਨਹੀਂ, ਸਗੋਂ ਚੰਗੇ ਸੰਸਕਾਰ ਅਤੇ ਸਮਾਜਿਕ ਜ਼ਿੰਮੇਵਾਰੀਆਂ ਸਿਖਾਉਣ ਦਾ ਵੀ ਇਕ ਜ਼ਰੀਆ ਹੈ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਅਜਿਹੀਆਂ ਰਚਨਾਤਮਿਕ ਅਤੇ ਸਮਾਜਿਕ ਗਤੀਵਿਧੀਆਂ ਨਾਲ ਜੋੜ ਕੇ ਉਨ੍ਹਾਂ ਨੂੰ ਜ਼ਿੰਮੇਵਾਰ, ਜਾਗਰੂਕ ਅਤੇ ਸੰਵੇਦਨਸ਼ੀਲ ਨਾਗਰਿਕ ਬਣਾਇਆ ਜਾ ਸਕਦਾ ਹੈ | ਉਨ੍ਹਾਂ ਨੇ ਸਮੂਹ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਨਿਯਮਤ ਦੇਖਭਾਲ ਕਰਨ ਦਾ ਸੱਦਾ ਦਿੱਤਾ |