ਫ਼ਾਜ਼ਿਲਕਾ, 5 ਜੂਨ (ਦਵਿੰਦਰ ਪਾਲ ਸਿੰਘ)-ਵਿਜ਼ਡਮ ਕਾਨਵੈਂਟ ਸਕੂਲ ਫ਼ਾਜ਼ਿਲਕਾ ਵਿਖੇ ਚੱਲ ਰਹੀ ਅਧਿਆਪਕ ਸਿਖਲਾਈ ਵਰਕਸ਼ਾਪ ਲੜੀ ਦਾ ਤੀਜਾ ਦਿਨ ਬਹੁਤ ਹੀ ਗਿਆਨ ਵਰਧਕ ਅਤੇ ਉਤਸ਼ਾਹਜਨਕ ਰਿਹਾ | ਇਸ ਸੈਸ਼ਨ ਵਿਚ ਪ੍ਰਸਿੱਧ ਸਾਫ਼ਟ ਸਕਿੱਲ ਟਰੇਨਰ ਸ੍ਰੀਮਤੀ ਸੁਨੀਤਾ ਸਕਸੈਨਾ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਅਧਿਆਪਕਾਂ ਨੂੰ ਡਿਜੀਟਲ ਹੁਨਰ ਵਿਚ ਮਾਹਿਰ ਬਣਾਉਣ, ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਅਤੇ ਉਤਪਾਦਕਤਾ ਨੂੰ ਬਿਹਤਰ ਬਣਾਉਣ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ | ਵਰਕਸ਼ਾਪ ਦੌਰਾਨ ਸ੍ਰੀਮਤੀ ਸਕਸੈਨਾ ਨੇ ਜਮਾਤ ਪ੍ਰਬੰਧਨ ਦੀਆਂ ਪ੍ਰਭਾਵਸ਼ਾਲੀ ਰਣਨੀਤੀਆਂ, ਮਾਪਿਆਂ ਨਾਲ ਸਕਾਰਾਤਮਿਕ ਤਾਲਮੇਲ ਸਥਾਪਿਤ ਕਰਨ ਦੇ ਤਰੀਕੇ, ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਢੰਗ, ਸਹਿਕਰਮੀਆਂ ਨਾਲ ਮਿੱਠੇ ਸਬੰਧ ਬਣਾਉਣ ਦੇ ਗੁਰ ਅਤੇ ਜਮਾਤ ਦੇ ਨਿਯਮਾਂ ਤੇ ਪ੍ਰਕਿਰਿਆਵਾਂ ਨੂੰ ਸਪਸ਼ਟ ਰੂਪ ਵਿਚ ਤੈਅ ਕਰਨ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਵਿਹਾਰਕ ਸਿਖਲਾਈ ਦਿੱਤੀ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਦੀਪਿਕਾ ਨੇ ਦੱਸਿਆ ਕਿ ਅਜਿਹੀਆਂ ਵਰਕਸ਼ਾਪਾਂ ਅਧਿਆਪਕਾਂ ਦੇ ਅਧਿਆਪਨ ਹੁਨਰ ਨੂੰ ਨਿਖਾਰਨ ਅਤੇ ਸਮੇਂ ਦੇ ਹਾਣੀ ਬਣੇ ਰਹਿਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਮੌਜੂਦਾ ਸਮੇਂ ਦੀਆਂ ਚੁਨੌਤੀਆਂ ਜਿਵੇਂ ਕਿ ਬੱਚਿਆਂ ਵਿਚ ਮੋਬਾਈਲ ਦੀ ਵਧਦੀ ਆਦਤ, ਮਾਪਿਆਂ ਦੀਆਂ ਉਮੀਦਾਂ, ਸਹਿਕਰਮੀਆਂ ਨਾਲ ਤਾਲਮੇਲ ਅਤੇ ਅਨੁਸ਼ਾਸਨ ਵਰਗੀਆਂ ਰੋਜ਼ਾਨਾ ਦੀਆਂ ਨਵੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਅਜਿਹੀਆਂ ਸਿਖਲਾਈ ਵਰਕਸ਼ਾਪਾਂ ਰਾਹੀਂ ਅਧਿਆਪਕ ਇਨ੍ਹਾਂ ਦਾ ਵਿਹਾਰਕ ਹੱਲ ਸਿੱਖਦੇ ਹਨ | ਵਿਜ਼ਡਮ ਕਾਨਵੈਂਟ ਸਕੂਲ ਆਪਣੇ ਅਧਿਆਪਕਾਂ ਦੇ ਪੇਸ਼ੇਵਾਰ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ |