05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਅਬੋਹਰ 'ਚ ਨਵ-ਨਿਯੁਕਤ ਭਾਜਪਾ ਕੌਂਸਲਰ ਦੇ ਪੁੱਤਰ 'ਤੇ ਕਾਤਲਾਨਾ ਹਮਲਾ

ਅਜੀਤ ਡੈਸਕ 09-06-2026
ਅਬੋਹਰ, 8 ਜੂਨ (ਵਿਵੇਕ ਹੂੜੀਆ)-ਅਬੋਹਰ ਦੀ ਧਰਮ ਨਗਰੀ ਗਲੀ ਨੰਬਰ 6 ਦੇ ਨਿਵਾਸੀ ਅਤੇ ਨਵ-ਨਿਯੁਕਤ ਭਾਜਪਾ ਕੌਂਸਲਰ ਦੇ ਪੁੱਤਰ 'ਤੇ ਪੁਰਾਣੀ ਰੰਜਸ਼ ਦੇ ਚੱਲਦਿਆਂ ਦੋ ਦਰਜਨ ਤੋਂ ਵੱਧ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕੀਤੇ ਜਾਣ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ | ਹਮਲਾਵਰਾਂ ਨੇ ਨੌਜਵਾਨ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ, ਜਿਸ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ | ਉੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਚੇਰੇ ਇਲਾਜ ਲਈ ਰੈਫ਼ਰ ਕਰ ਦਿੱਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਧਰਮ ਨਗਰੀ ਦੇ ਰਹਿਣ ਵਾਲੇ ਸੰਜੇ ਪੁੱਤਰ ਪ੍ਰਹਿਲਾਦ ਦੀ ਮਾਤਾ ਲਕਸ਼ਮੀ ਦੇਵੀ ਨੇ ਬੀਤੇ ਦਿਨੀਂ ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 6 ਤੋਂ ਭਾਜਪਾ ਵਲੋਂ ਚੋਣ ਲੜੀ ਸੀ ਅਤੇ ਉਹ ਆਪਣੇ ਵਿਰੋਧੀ ਨੂੰ ਹਰਾ ਕੇ ਜੇਤੂ ਰਹੇ ਸਨ | ਅੱਜ ਲਕਸ਼ਮੀ ਦੇਵੀ ਦਾ ਬੇਟਾ ਸੰਜੇ ਆਪਣੇ ਦੋਸਤ ਸੁਖਦੇਵ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ਼ਹਿਰ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ | ਜਦੋਂ ਉਹ ਧਰਮ ਨਗਰੀ ਦੀ ਗਲੀ ਨੰਬਰ 7 ਵਿਚ ਪਹੁੰਚਿਆ ਤਾਂ ਪਹਿਲਾਂ ਤੋਂ ਘਾਤ ਲਾ ਕੇ ਬੈਠੇ ਕਾਰਾਂ ਅਤੇ ਮੋਟਰਸਾਈਕਲਾਂ 'ਤੇ ਸਵਾਰ ਕਰੀਬ ਤਿੰਨ ਦਰਜਨ ਹਥਿਆਰਬੰਦ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ | ਹਮਲਾਵਰਾਂ ਨੇ ਸੁਖਦੇਵ ਨੂੰ ਇਕ ਪਾਸੇ ਕਰ ਦਿੱਤਾ ਅਤੇ ਸੰਜੇ 'ਤੇ ਤਲਵਾਰਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਟੁੱਟ ਪਏ | ਮੁਲਜ਼ਮ ਸੰਜੇ ਨੂੰ ਅੱਧ ਮਰਿਆ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ | ਸੁਖਦੇਵ ਨੇ ਤੁਰੰਤ ਇਸ ਦੀ ਸੂਚਨਾ ਜ਼ਖਮੀ ਦੇ ਪਰਿਵਾਰ ਨੂੰ ਦਿੱਤੀ, ਜਿਨ੍ਹਾਂ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ | ਡਾਕਟਰਾਂ ਮੁਤਾਬਿਕ ਸੰਜੇ ਦੇ ਸਿਰ ਅਤੇ ਪੈਰਾਂ 'ਤੇ ਡੂੰਘੇ ਜ਼ਖ਼ਮ ਹਨ | ਸਥਾਨਕ ਵਿਧਾਇਕ ਸੰਦੀਪ ਜਾਖੜ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਘਟਨਾ ਪੰਜਾਬ ਦੀ ਵਿਗੜ ਚੁੱਕੀ ਕਾਨੂੰਨ ਵਿਵਸਥਾ ਦਾ ਜਿਉਂਦਾ ਜਾਗਦਾ ਸਬੂਤ ਹੈ | ਦਿਨ-ਦਿਹਾੜੇ ਅਜਿਹੀ ਵਾਰਦਾਤ ਹੋਣਾ ਇਹ ਦਰਸਾਉਂਦਾ ਹੈ ਕਿ ਅਪਰਾਧੀਆਂ ਵਿਚ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਅਤੇ ਆਮ ਨਾਗਰਿਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਸ੍ਰੀ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ | ਸਰਕਾਰ ਸਿਰਫ਼ ਇਸ਼ਤਿਹਾਰਾਂ ਅਤੇ ਝੂਠੇ ਦਾਅਵਿਆਂ ਤੱਕ ਸੀਮਤ ਹੈ, ਜਦਕਿ ਜ਼ਮੀਨੀ ਪੱਧਰ 'ਤੇ ਗੁੰਡਾਗਰਦੀ ਅਤੇ ਹਿੰਸਾ ਲਗਾਤਾਰ ਵਧ ਰਹੀ ਹੈ | ਜਦੋਂ ਜਨ ਪ੍ਰਤੀਨਿਧ ਅਤੇ ਉਨ੍ਹਾਂ ਦੇ ਪਰਿਵਾਰ ਹੀ ਸੁਰੱਖਿਅਤ ਨਹੀਂ, ਤਾਂ ਆਮ ਜਨਤਾ ਦੀ ਸੁਰੱਖਿਆ ਰੱਬ ਆਸਰੇ ਹੈ | ਉਨ੍ਹਾਂ ਪੰਜਾਬ ਪੁਲਿਸ ਤੋਂ ਮੰਗ ਕੀਤੀ ਕਿ ਹਮਲਾਵਰਾਂ ਦੀ ਤੁਰੰਤ ਪਛਾਣ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਜਾਵੇ, ਨਹੀਂ ਤਾਂ ਭਾਜਪਾ ਜਨਤਾ ਨੂੰ ਨਾਲ ਲੈ ਕੇ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢੇਗੀ |
ਪਿਛਲੀ ਖ਼ਬਰ ਪਟਿਆਲਾ ਵਿਖੇ ਬੇਰੁਜ਼ਗਾਰ ਨੌਜਵਾਨਾਂ 'ਤੇ ਹੋਏ ਲਾਠੀਚਾਰਜ ਦੇ ਰੋਸ ਵਜੋਂ ਬਿਜਲੀ ਮੁਲਾਜ਼ਮਾਂ ਨੇ ਫਾਜ਼ਿਲਕਾ ਵਿਖੇ ਕੀਤੀ ਗ... ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਦਾ ਪੁਤਲਾ ਫ਼ੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।