08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਨੌਜਵਾਨਾਂ ਨੂੰ ਖੇਤੀ ਆਧਾਰਿਤ ਰੁਜ਼ਗਾਰ ਨਾਲ ਜੋੜਨ ਲਈ ਫਾਜ਼ਿਲਕਾ ਵਿਖੇ ਹੁਨਰ ਵਿਕਾਸ ਵਰਕਸ਼ਾਪ ਆਯੋਜਿਤ

ਫਾਜ਼ਿਲਕਾ ਵਿਖੇ ਆਯੋਜਿਤ ਹੁਨਰ ਵਿਕਾਸ ਵਰਕਸ਼ਾਪ ਦੌਰਾਨ ਸੰਬੋਧਨ ਕਰਦੇ ਹੋਏ ਸੰਪੂਰਨ ਐਗਰੀ ਵੈਂਚਰ ਦੇ ਪ੍ਰਬੰਧਕੀ ਨਿਰਦੇਸ਼ਕ ਸੰਜੀਵ ਨਾਗਪਾਲ, ਮੰਚ 'ਤੇ ਹਾਜ਼ਰ ਖੇਤੀਬਾੜੀ ਮਾਹਿਰ ਅਤੇ ਹੋਰ ਪਤਵੰਤੇ | ਅਜੀਤ ਤਸਵੀਰ <br/> 09-06-2026
ਫ਼ਾਜ਼ਿਲਕਾ, 8 ਜੂਨ (ਦਵਿੰਦਰ ਪਾਲ ਸਿੰਘ)-ਲਗਾਤਾਰ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਧਦੀ ਵਰਤੋਂ ਕਾਰਨ ਪ੍ਰਭਾਵਿਤ ਹੋ ਰਹੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਚਾਉਣ ਅਤੇ ਖੇਤੀਬਾੜੀ ਦੇ ਖੇਤਰ ਵਿਚ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨ ਦੇ ਉਦੇਸ਼ ਨਾਲ ਸਥਾਨਕ ਸੰਜੀਵ ਸਿਨੇਮਾ ਵਿਖੇ ਇਕ ਹੁਨਰ ਵਿਕਾਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਹ ਪ੍ਰੋਗਰਾਮ 'ਸੰਪੂਰਨ ਐਗਰੀ ਵੈਂਚਰ ਫਾਜ਼ਿਲਕਾ' ਵਲੋਂ ਮਾਰਸ਼ਲ ਜਿੰਮ ਅਤੇ ਅਕੈਡਮੀ ਸਪੋਰਟਸ ਐਂਡ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਵਰਕਸ਼ਾਪ ਵਿਚ ਕਿ੍ਸ਼ੀ ਵਿਗਿਆਨ ਕੇਂਦਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਖੇਤੀਬਾੜੀ ਵਿਭਾਗ ਅਤੇ ਜ਼ਿਲ੍ਹਾ ਹੁਨਰ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਅਤੇ ਨੌਜਵਾਨਾਂ 'ਤੇ ਵਿਦਿਆਰਥੀਆਂ ਨੂੰ ਆਧੁਨਿਕ ਖੇਤੀ, ਜੈਵਿਕ ਖੇਤੀ ਅਤੇ ਖੇਤੀਬਾੜੀ ਉਦਮਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਮੈਨੇਜਰ ਰਾਜੂ ਨਾਰੰਗ ਸਹਿਤ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ | ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸੰਪੂਰਨ ਐਗਰੀ ਵੈਂਚਰ ਦੇ ਪ੍ਰਬੰਧਕੀ ਨਿਰਦੇਸ਼ਕ ਸੰਜੀਵ ਨਾਗਪਾਲ ਨੇ ਕਿਹਾ ਕਿ ਪੰਜਾਬ ਦੀ ਖੇਤੀ ਅੱਜ ਕਈ ਗੰਭੀਰ ਚੁਨੌਤੀਆਂ ਦਾ ਸਾਹਮਣਾ ਕਰ ਰਹੀ ਹੈ | ਰਸਾਇਣਿਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਨੇ ਮਿੱਟੀ ਦੀ ਕੁਦਰਤੀ ਸ਼ਕਤੀ ਨੂੰ ਕਮਜ਼ੋਰ ਕਰ ਦਿੱਤਾ ਹੈ, ਜਿਸ ਨਾਲ ਲਾਗਤ ਵਧ ਰਹੀ ਹੈ ਅਤੇ ਕਿਸਾਨਾਂ ਦੀ ਆਮਦਨ ਘੱਟ ਰਹੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੌਜਵਾਨਾਂ ਨੂੰ ਖੇਤੀ ਖੇਤਰ ਵਿਚ ਸਿਖਲਾਈ ਦੇ ਕੇ 'ਕਿ੍ਸ਼ੀ ਮਿੱਤਰ' ਅਤੇ 'ਕਿ੍ਸ਼ੀ ਸਕਾਊਟ' ਵਰਗੇ ਸੰਕਲਪਾਂ ਨਾਲ ਜੋੜ ਰਹੀ ਹੈ ਜਿਸ ਤਹਿਤ ਮਿੱਟੀ ਟੈਸਟਿੰਗ, ਜੈਵਿਕ ਖੇਤੀ ਅਤੇ ਫ਼ਸਲ ਪ੍ਰਬੰਧਨ ਰਾਹੀਂ ਰੁਜ਼ਗਾਰ ਦੇ ਮੌਕੇ ਮਿਲਣਗੇ | ਕੇ.ਵੀ.ਕੇ.ਅਬੋਹਰ ਦੇ ਮੁਖੀ ਡਾ.ਅਰਵਿੰਦ ਅਹਿਲਾਵਤ ਨੇ ਕਿਹਾ ਕਿ ਖੇਤੀ ਹੁਣ ਰਵਾਇਤੀ ਪੇਸ਼ਾ ਨਹੀਂ ਬਲਕਿ ਵਿਗਿਆਨ ਆਧਾਰਿਤ ਕਾਰੋਬਾਰ ਬਣ ਚੁੱਕੀ ਹੈ | ਜੇਕਰ ਨੌਜਵਾਨ ਨਵੀਂ ਤਕਨੀਕ ਅਤੇ ਫ਼ਸਲੀ ਵਿਭਿੰਨਤਾ ਨੂੰ ਅਪਣਾਉਣ ਤਾਂ ਖੇਤੀ ਨੂੰ ਲਾਹੇਵੰਦ ਬਣਾਇਆ ਜਾ ਸਕਦਾ ਹੈ | ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਬੋਹਰ ਦੇ ਇੰਚਾਰਜ ਡਾ.ਜਗਦੀਸ਼ ਅਰੋੜਾ ਨੇ ਮਿਆਰੀ ਬੀਜਾਂ ਦੀ ਮਹੱਤਤਾ ਬਾਰੇ ਦੱਸਦਿਆਂ ਨੌਜਵਾਨਾਂ ਨੂੰ ਬੀਜ ਉਤਪਾਦਨ ਅਤੇ ਖੇਤੀ ਖੋਜ ਦੇ ਖੇਤਰ ਵਿਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ | ਖੇਤੀਬਾੜੀ ਵਿਭਾਗ ਦੇ ਏ.ਡੀ.ਓ. ਲਵਪ੍ਰੀਤ ਸਿੰਘ ਨੇ ਵਿਭਾਗ ਦੀਆਂ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਸਵੈ-ਰੁਜ਼ਗਾਰ ਸ਼ੁਰੂ ਕਰਨ ਅਤੇ ਮਿੱਟੀ ਟੈਸਟਿੰਗ ਕਰਵਾਉਣ ਦੀ ਅਪੀਲ ਕੀਤੀ | ਜ਼ਿਲ੍ਹਾ ਹੁਨਰ ਵਿਕਾਸ ਵਿਭਾਗ ਫਾਜ਼ਿਲਕਾ ਦੀ ਮੈਨੇਜਰ ਡਾ. ਮੀਨਾਕਸ਼ੀ ਗੁਪਤਾ ਨੇ ਕਿਹਾ ਕਿ ਖੇਤੀ ਆਧਾਰਿਤ ਸਕਿੱਲ ਕੋਰਸ ਨੌਜਵਾਨਾਂ ਦੇ ਕੈਰੀਅਰ ਲਈ ਭਵਿੱਖ ਵਿਚ ਬਹੁਤ ਲਾਭਦਾਇਕ ਸਿੱਧ ਹੋਣਗੇ | ਮੰਚ ਸੰਚਾਲਨ ਕਰਦਿਆਂ ਸੰਜੀਵ ਮਾਰਸ਼ਲ ਨੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ ਬਲਕਿ ਰੁਜ਼ਗਾਰ ਦਾਤਾ ਬਣਨ ਲਈ ਪ੍ਰੇਰਿਤ ਕੀਤਾ | ਅਖੀਰ ਵਿਚ ਨੌਜਵਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਆਗਾਮੀ ਦਿਨਾਂ ਵਿਚ ਪਿੰਡ ਪੱਧਰ 'ਤੇ ਅਜਿਹੇ ਕੈਂਪ ਲਗਾਉਣ ਦਾ ਐਲਾਨ ਕੀਤਾ ਗਿਆ | ਵਰਕਸ਼ਾਪ ਦੌਰਾਨ ਸੰਜੀਵ ਨਾਗਪਾਲ ਨੇ ਨੌਜਵਾਨਾਂ ਅਤੇ ਕਿਸਾਨਾਂ ਲਈ ਸੰਪੂਰਨ ਐਗਰੀ ਕਨੈੱਕਟ ਮੋਬਾਈਲ ਐਪ ਲਾਂਚ ਕਰਨ ਬਾਰੇ ਦੱਸਿਆ | ਇਹ ਐਪ ਇਕ ਅਜਿਹਾ ਡਿਜੀਟਲ ਪਲੇਟ ਫਾਰਮ ਹੈ ਜਿੱਥੇ ਕਿਸਾਨ ਆਪਣੀ ਫ਼ਸਲ, ਮਿੱਟੀ ਜਾਂ ਕੀੜਿਆਂ ਦੀ ਸਮੱਸਿਆ ਦੀ ਫ਼ੋਟੋ ਅੱਪਲੋਡ ਕਰਕੇ ਸਿੱਧੇ ਖੇਤੀ ਮਾਹਿਰਾਂ ਕੋਲੋਂ ਉਸ ਦਾ ਢੁਕਵਾਂ ਹੱਲ ਅਤੇ ਸਲਾਹ ਪ੍ਰਾਪਤ ਕਰ ਸਕਦੇ ਹਨ |
ਪਿਛਲੀ ਖ਼ਬਰ ਰੇਲਗੱਡੀਆਂ ਦੇ ਦੇਰੀ ਨਾਲ ਚੱਲਣ ਦਾ ਸਿਲਸਿਲਾ ਜਾਰੀ ਅਗਲੀ ਖ਼ਬਰ ਅਗਨੀਵੀਰ ਆਰਮੀ ਭਰਤੀ ਲਈ ਫਿਜ਼ੀਕਲ ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।