ਅਬੋਹਰ, 9 ਜੂਨ (ਵਿਵੇਕ ਹੂੜੀਆ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰੁਣ ਨਾਰੰਗ ਦੇ ਨਿਵਾਸ ਅਸਥਾਨ 'ਤੇ ਨਵ-ਨਿਯੁਕਤ ਕੌਂਸਲਰਾਂ ਦੀ ਇਕ ਵਿਸ਼ੇਸ਼ ਅਤੇ ਅਹਿਮ ਬੈਠਕ ਦਾ ਆਯੋਜਨ ਕੀਤਾ ਗਿਆ | ਇਸ ਬੈਠਕ ਵਿਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਜਿੱਤ ਹਾਸਲ ਕਰਨ ਵਾਲੇ 20 ਕੌਂਸਲਰਾਂ ਨੇ ਸ਼ਿਰਕਤ ਕੀਤੀ | ਇਸ ਦੌਰਾਨ ਸਮੂਹ ਕੌਂਸਲਰਾਂ ਨੇ ਸ਼ਹਿਰ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਇੱਕਜੁੱਟ ਹੋ ਕੇ ਕੰਮ ਕਰਨ ਦਾ ਅਹਿਦ ਲਿਆ | ਬੈਠਕ ਨੂੰ ਸੰਬੋਧਨ ਕਰਦਿਆਂ ਅਰੁਣ ਨਾਰੰਗ ਨੇ ਦੱਸਿਆ ਕਿ ਵਾਰਡ ਨੰਬਰ 21 ਤੋਂ ਨਵ-ਨਿਯੁਕਤ ਕੌਂਸਲਰ ਵਿਨੋਦ ਖਨਗਵਾਲ ਨੂੰ ਸਰਬਸੰਮਤੀ ਨਾਲ ਇਨ੍ਹਾਂ 20 ਕੌਂਸਲਰਾਂ ਦਾ ਆਗੂ ਚੁਣਿਆ ਗਿਆ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮੇਅਰ ਦੀ ਚੋਣ ਸਮੇਤ ਹੋਰਨਾਂ ਅਹਿਮ ਪ੍ਰਕਿਰਿਆਵਾਂ ਵਿਚ ਇਨ੍ਹਾਂ ਦੀ ਅਹਿਮ ਭੂਮਿਕਾ ਰਹੇਗੀ | ਪਾਰਟੀ ਹਾਈਕਮਾਂਡ ਵਲੋਂ ਜੋ ਵੀ ਦਿਸ਼ਾ-ਨਿਰਦੇਸ਼ ਪ੍ਰਾਪਤ ਹੋਣਗੇ, ਉਨ੍ਹਾਂ ਦੇ ਅਨੁਸਾਰ ਹੀ ਅਗਲੀ ਚੋਣ ਪ੍ਰਕਿਰਿਆ ਵਿਚ ਹਿੱਸਾ ਲਿਆ ਜਾਵੇਗਾ | ਅਰੁਣ ਨਾਰੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰ ਤਨ, ਮਨ ਅਤੇ ਧਨ ਨਾਲ ਜਨਤਾ ਦੀ ਸੇਵਾ ਲਈ ਸਮਰਪਿਤ ਰਹਿਣਗੇ | ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਦੇਣ, ਲੋਕਾਂ ਦੀਆਂ ਸਮੱਸਿਆਵਾਂ ਨੂੰ ਸਬੰਧਿਤ ਵਿਭਾਗਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਦਾ ਜਲਦ ਨਿਪਟਾਰਾ ਕਰਵਾਉਣ ਲਈ ਪੂਰੀ ਜ਼ਿੰਮੇਵਾਰੀ ਨਿਭਾਈ ਜਾਵੇਗੀ | ਉਨ੍ਹਾਂ ਕਿਹਾ ਕਿ 'ਆਪ' ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਪੰਜਾਬ ਵਿਚ ਲੋਕਾਂ ਦੀ ਸੇਵਾ ਕਰ ਰਹੀ ਹੈ ਅਤੇ ਪਾਰਟੀ ਦਾ ਮੁੱਖ ਉਦੇਸ਼ ਨਾਗਰਿਕਾਂ ਨੂੰ ਬਿਹਤਰ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ | ਬੈਠਕ ਦੌਰਾਨ ਸਾਰੇ ਕੌਂਸਲਰਾਂ ਨੇ ਆਪਣੇ-ਆਪਣੇ ਵਾਰਡਾਂ ਨਾਲ ਜੁੜੇ ਮੁੱਦੇ ਅਤੇ ਅਹਿਮ ਸੁਝਾਅ ਵੀ ਸਾਂਝੇ ਕੀਤੇ | ਇਸ ਮੌਕੇ ਇੱਕ ਵੱਡਾ ਐਲਾਨ ਕਰਦਿਆਂ ਅਰੁਣ ਨਾਰੰਗ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਵਿਚ ਪਾਰਟੀ ਵਲੋਂ ਚੋਣ ਲੜਨ ਵਾਲੇ, ਪਰ ਕਿਸੇ ਕਾਰਨ ਜਿੱਤ ਹਾਸਲ ਨਾ ਕਰ ਸਕੇ ਕਰੀਬ 30 ਉਮੀਦਵਾਰਾਂ ਨੂੰ ਪਾਰਟੀ ਵਲੋਂ 'ਵਾਰਡ ਇੰਚਾਰਜ' ਦੀ ਅਹਿਮ ਜ਼ਿੰਮੇਵਾਰੀ ਸੌਂਪੀ ਜਾਵੇਗੀ | ਇਸ ਨਾਲ ਹਰ ਵਾਰਡ ਵਿਚ ਪਾਰਟੀ ਦੀ ਸਰਗਰਮ ਭਾਗੀਦਾਰੀ ਬਣੀ ਰਹੇਗੀ ਅਤੇ ਲੋਕ ਹਿਤਾਂ ਦੇ ਕਾਰਜ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਏ ਜਾ ਸਕਣਗੇ | ਬੈਠਕ ਦੇ ਅਖੀਰ ਵਿਚ ਸਮੂਹ ਕੌਂਸਲਰਾਂ ਨੇ ਪਾਰਟੀ ਦੀਆਂ ਨੀਤੀਆਂ ਅਨੁਸਾਰ ਚੱਲਣ ਅਤੇ ਜਨਤਾ ਦੇ ਭਰੋਸੇ 'ਤੇ ਖਰਾ ਉੱਤਰਨ ਦੀ ਸਹੁੰ ਚੁੱਕੀ |