31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਟਾਂਡਾ-ਗੜਦੀਵਾਲ ਸੜਕ ਦਾ ਕੰਮ ਪਿਛਲੇ ਇਕ ਸਾਲ ਤੋਂ ਲਟਕਿਆ, ਇਲਾਕਾ ਵਾਸੀਆਂ 'ਚ ਭਾਰੀ ਰੋਸ

ਅਜੀਤ ਡੈਸਕ 10-06-2026

ਟਾਂਡਾ ਉੜਮੁੜ, 9 ਜੂਨ (ਕੁਲਬੀਰ ਸਿੰਘ ਗੁਰਾਇਆ)- ਟਾਂਡਾ ਤੋਂ ਗੜ੍ਹਦੀਵਾਲ ਨੂੰ ਜੋੜਨ ਵਾਲੀ ਮੁੱਖ ਸੜਕ ਦਾ ਨਿਰਮਾਣ ਕੰਮ ਪਿਛਲੇ ਕਰੀਬ ਡੇਢ ਸਾਲ ਤੋਂ ਅਧੂਰਾ ਪਿਆ ਹੋਣ ਕਾਰਨ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸੜਕ ਦੀ ਖਸਤਾ ਹਾਲਤ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਦੋ ਪਹੀਆ ਵਾਹਨ ਚਾਲਕਾਂ ਅਤੇ ਸਕੂਲੀ ਵਿਦਿਆਰਥੀਆਂ ਲਈ ਇਹ ਸੜਕ ਖ਼ਤਰੇ ਦਾ ਕਾਰਨ ਬਣੀ ਹੋਈ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਸੜਕ ਦੇ ਨਿਰਮਾਣ ਲਈ ਪੁਰਾਣੀ ਸੜਕ ਨੂੰ ਪੁੱਟ ਦਿੱਤਾ ਗਿਆ ਸੀ ਤੇ ਕੁੱਝ ਹਿੱਸਾ ਨਵਾਂ ਬਣਾਇਆ ਗਿਆ ਸੀ ਪਰ ਘਟੀਆ ਮੈਟੀਰੀਅਲ ਕਰਕੇ ਉਹ ਵੀ ਥਾਂ-ਥਾਂ ਤੋਂ ਟੁੱਟ ਚੁੱਕਾ ਹੈ ਪਰ ਉਸ ਤੋਂ ਬਾਅਦ ਕੰਮ ਦੀ ਰਫ਼ਤਾਰ ਬਹੁਤ ਹੀ ਮੱਧਮ ਰਹੀ | ਕਈ ਥਾਵਾਂ 'ਤੇ ਖੱਡੇ, ਉੱਖੜੀ ਹੋਈ ਮਿੱਟੀ ਅਤੇ ਪਿਆ ਨਿਰਮਾਣ ਸਮਗਰੀ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ | ਬਰਸਾਤ ਦੇ ਦਿਨਾਂ ਵਿਚ ਸੜਕ 'ਤੇ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਕਾਰਨ ਆਵਾਜਾਈ ਹੋਰ ਵੀ ਪ੍ਰਭਾਵਿਤ ਹੁੰਦੀ ਹੈ | ਵਪਾਰੀਆਂ, ਕਿਸਾਨਾਂ ਅਤੇ ਆਮ ਲੋਕਾਂ ਨੇ ਕਿਹਾ ਕਿ ਇਹ ਸੜਕ ਟਾਂਡਾ ਅਤੇ ਗੜ੍ਹਦੀਵਾਲ ਵਿਚਕਾਰ ਇੱਕ ਮਹੱਤਵਪੂਰਨ ਮਾਰਗ ਹੈ, ਪਰ ਲੰਬੇ ਸਮੇਂ ਤੋਂ ਕੰਮ ਅਧੂਰਾ ਪਿਆ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਨਾ ਤਾਂ ਸਬੰਧਿਤ ਵਿਭਾਗ ਦੇ ਅਧਿਕਾਰੀ ਇਸ ਵੱਲ ਧਿਆਨ ਦੇ ਰਹੇ ਹਨ ਅਤੇ ਨਾ ਹੀ ਠੇਕੇਦਾਰ ਕੰਮ ਨੂੰ ਜਲਦ ਮੁਕੰਮਲ ਕਰਨ ਵਿਚ ਕੋਈ ਦਿਲਚਸਪੀ ਦਿਖਾ ਰਿਹਾ ਹੈ | ਇਸ ਸਬੰਧੀ ਜਦੋਂ ਪੀ.ਡਬਲਯੂ.ਡੀ ਦੇ ਐੱਸ.ਡੀ.ਓ ਟਾਂਡਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੇਰੀ ਦਾ ਕਾਰਨ ਲੁੱਕ ਨਾ ਮਿਲਣਾ ਦੱਸਿਆ ਹੈ | ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਟਾਂਡਾ–ਗੜ੍ਹਦੀਵਾਲ ਸੜਕ ਦੇ ਨਿਰਮਾਣ ਕਾਰਜ ਨੂੰ ਜੰਗੀ ਪੱਧਰ 'ਤੇ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ | ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਦੀ ਹੋਵੇਗੀ |

ਪਿਛਲੀ ਖ਼ਬਰ ਖਪਤਕਾਰਾਂ ਨੂੰ ਪੀ.ਐਨ.ਜੀ ਕੁਨੈਕਸ਼ਨ ਪ੍ਰਾਪਤ ਕਰਨ ਦੀ ਅਪੀਲ ਅਗਲੀ ਖ਼ਬਰ ਸ਼ਹਿਰ ਦੇ ਵਿਕਾਸ ਅਤੇ ਜਨਤਾ ਦੀ ਸੇਵਾ ਲਈ ਮਿਲ ਕੇ ਕਰਾਂਗੇ ਕੰਮ-ਅਰੁਣ ਨਾਰੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।