ਫ਼ਾਜ਼ਿਲਕਾ, 10 ਜੂਨ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਵੱਲੇ ਸ਼ਾਹ ਉਤਾੜ (ਨੂਰਸ਼ਾਹ) ਵਿਖੇ ਡਿਫੈਂਸ ਬੰਨ੍ਹ ਬਣਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ | ਬੰਨ੍ਹ ਦੇ ਨਿਰਮਾਣ ਲਈ ਜਦੋਂ ਪਟਵਾਰੀ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਲਈ ਪਿੰਡ ਪਹੁੰਚੇ ਤਾਂ ਵੱਡੀ ਗਿਣਤੀ ਵਿਚ ਇਕੱਠੇ ਹੋਏ ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ ਅਤੇ ਤਿੱਖਾ ਰੋਸ ਪ੍ਰਗਟਾਇਆ | ਪਿੰਡ ਵਾਸੀਆਂ ਦੇ ਸਖ਼ਤ ਵਿਰੋਧ ਕਾਰਨ ਅਧਿਕਾਰੀਆਂ ਨੂੰ ਬਿਨਾਂ ਨਿਸ਼ਾਨਦੇਹੀ ਕੀਤੇ ਹੀ ਵਾਪਸ ਪਰਤਣਾ ਪਿਆ | ਕਿਸਾਨਾਂ ਅਤੇ ਸਥਾਨਕ ਲੋਕਾਂ ਨੇ ਸਾਫ਼ ਸ਼ਬਦਾਂ ਵਿਚ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਜਗਾ 'ਤੇ ਕਿਸੇ ਵੀ ਕੀਮਤ 'ਤੇ ਬੰਨ੍ਹ ਨਹੀਂ ਬਣਨ ਦੇਣਗੇ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਬੰਨ੍ਹ ਨੂੰ ਕਿਸੇ ਦੂਜੀ ਜਗਾ ਤਬਦੀਲ ਕੀਤਾ ਜਾਵੇ | ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਸੜਕਾਂ 'ਤੇ ਉਤਰ ਕੇ ਤਿੱਖਾ ਸੰਘਰਸ਼ ਵਿੱਢਣਗੇ | ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਨੂਰਸ਼ਾਹ ਨੇ ਦੱਸਿਆ ਕਿ ਸਰਕਾਰ ਵਲੋਂ ਪਿੰਡ ਘੁਰਕਾਂ ਅਤੇ ਨੂਰਸ਼ਾਹ ਦੇ ਕੋਲ ਨਦੀ ਅਤੇ ਡਿਫੈਂਸ ਬੰਨ੍ਹ ਬਣਾਉਣ ਦੀ ਯੋਜਨਾ ਹੈ | ਇਸੇ ਤਹਿਤ ਸਰਕਾਰੀ ਅਧਿਕਾਰੀ ਮੌਕੇ 'ਤੇ ਪਹੁੰਚੇ ਸਨ | ਉਨ੍ਹਾਂ ਦੱਸਿਆ ਕਿ ਜੇਕਰ ਇੱਥੇ ਬੰਨ੍ਹ ਅਤੇ ਨਦੀ ਬਣਾਈ ਗਈ ਤਾਂ ਉਨ੍ਹਾਂ ਦੇ ਖੇਤਾਂ ਅਤੇ ਸਮੁੱਚੇ ਇਲਾਕੇ ਨੂੰ ਭਾਰੀ ਨੁਕਸਾਨ ਪਹੁੰਚੇਗਾ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਬੰਨ੍ਹ ਕਾਰਨ ਇਲਾਕੇ ਵਿਚ ਗੰਦਾ ਪਾਣੀ ਜਮ੍ਹਾ ਹੋ ਸਕਦਾ ਹੈ, ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਜੇਕਰ ਬੰਨ੍ਹ ਬਣਾਉਣਾ ਹੀ ਹੈ ਤਾਂ ਇਸ ਨੂੰ ਜ਼ੀਰੋ ਲਾਈਨ ਦੇ ਕੋਲ ਬਣਾਇਆ ਜਾਵੇ, ਕਿਉਂਕਿ ਮੌਜੂਦਾ ਯੋਜਨਾ ਨਾਲ ਇਲਾਕੇ ਦੇ ਕਰੀਬ 20 ਤੋਂ 25 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ | ਦੂਜੇ ਪਾਸੇ ਮੌਕੇ 'ਤੇ ਪਹੁੰਚੇ ਬੀ.ਆਰ.ਓ. ਵਿਭਾਗ ਦੇ ਜੇ.ਈ. ਸੁਧੀਰ ਮਿਸ਼ਰਾ ਨੇ ਦੱਸਿਆ ਕਿ ਭਾਰਤੀ ਸੈਨਾ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਇਲਾਕੇ ਵਿਚ ਨਵਾਂ ਡੀ.ਸੀ.ਪੀ. ਬਣਾਇਆ ਜਾਣਾ ਹੈ | ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਸਾਹਮਣੇ ਕੁੱਝ ਪ੍ਰਮੁੱਖ ਸਮੱਸਿਆਵਾਂ ਅਤੇ ਮੰਗਾਂ ਰੱਖੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਦੇ ਸਾਹਮਣੇ ਰੱਖਿਆ ਜਾਵੇਗਾ | ਸਰਕਾਰ ਅਤੇ ਪ੍ਰਸ਼ਾਸਨ ਵਲੋਂ ਜੋ ਵੀ ਅਗਲਾ ਫ਼ੈਸਲਾ ਆਵੇਗਾ, ਉਸ ਬਾਰੇ ਪਿੰਡ ਵਾਸੀਆਂ ਨੂੰ ਜਾਣੂ ਕਰਵਾ ਕੇ ਹੀ ਕੰਮ ਨੂੰ ਅੱਗੇ ਵਧਾਇਆ ਜਾਵੇਗਾ |