ਫ਼ਾਜ਼ਿਲਕਾ, 10 ਜੂਨ (ਅਮਰਜੀਤ ਸ਼ਰਮਾ)-ਪਿੰਡ ਜੋਧਾਵਾਲਾ ਵਿਖੇ ਕਰਵਾਏ ਗਏ ਕਿ੍ਕੇਟ ਟੂਰਨਾਮੈਂਟ ਦਾ ਫਾਈਨਲ ਮੈਚ ਸਫਲਤਾਪੂਰਵਕ ਸੰਪੰਨ ਹੋਇਆ | ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਘੁਬਾਇਆ ਕਿ੍ਕੇਟ ਟੀਮ ਅਤੇ ਫ਼ਾਜ਼ਿਲਕਾ ਕਿ੍ਕੇਟ ਟੀਮ ਵਿਚਕਾਰ ਖੇਡਿਆ ਗਿਆ, ਜਿਸ ਵਿਚ ਘੁਬਾਇਆ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕੀਤੀ | ਇਸ ਖੇਡ ਸਮਾਗਮ ਦੀ ਦੇਖ-ਰੇਖ ਅਤੇ ਮਾਰਗਦਰਸ਼ਨ 65ਵੀਂ ਬਟਾਲੀਅਨ ਬੀ.ਐੱਸ.ਐੱਫ.ਦੇ ਕਮਾਡੈਂਟ ਵੀ.ਬੀ. ਯਾਦਵ, ਡਿਪਟੀ ਕਮਾਡੈਂਟ ਸੋਹਣ ਲਾਲ ਸ਼ਰਮਾ, ਸੈਕਟਰ ਹੈੱਡ ਕੁਆਰਟਰ ਅਬੋਹਰ ਦੇ ਸਹਾਇਕ ਕਮਾਡੈਂਟ ਜੇ.ਪੀ.ਯਾਦਵ, ਕਾਰਜਕਾਰੀ ਕੰਪਨੀ ਕਮਾਂਡਰ ਨਿਰੀਖਕ ਸੰਦੀਪ ਅਤੇ ਯੂਨਿਟ ਜੀ ਸੈੱਲ ਦੇ ਨਿਰੀਖਕ/ਜੀ ਰਣਧੀਰ ਕੁਮਾਰ ਵਲੋਂ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸੈਕਟਰ ਹੈੱਡ ਕੁਆਰਟਰ ਅਬੋਹਰ ਦੇ ਡਿਪਟੀ ਇੰਸਪੈਕਟਰ ਜਨਰਲ ਸੁਕੁਮਾਰ ਸਾਰੰਗੀ ਨੇ ਸ਼ਿਰਕਤ ਕੀਤੀ | ਉਨ੍ਹਾਂ ਖਿਡਾਰੀਆਂ ਅਤੇ ਸਰਹੱਦੀ ਖੇਤਰ ਦੇ ਨੌਜਵਾਨਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਇੱਕ ਸਿਹਤਮੰਦ ਤੇ ਸਕਾਰਾਤਮਿਕ ਸਮਾਜ ਸਿਰਜਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਮੈਚ ਦੀ ਸਮਾਪਤੀ ਤੋਂ ਬਾਅਦ ਮੁੱਖ ਮਹਿਮਾਨ ਡੀ.ਆਈ.ਜੀ.ਸੁਕੁਮਾਰ ਸਾਰੰਗੀ ਵਲੋਂ ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਟਰਾਫ਼ੀਆਂ ਪ੍ਰਦਾਨ ਕੀਤੀਆਂ ਗਈਆਂ | ਇਸ ਦੇ ਨਾਲ ਹੀ ਬੈੱਸਟ ਪਲੇਅਰ ਆਫ਼ ਦ ਟੂਰਨਾਮੈਂਟ, ਬੈੱਸਟ ਪਲੇਅਰ ਆਫ਼ ਦ ਸੀਰੀਜ਼, ਸਰਵੋਤਮ ਬੱਲੇਬਾਜ਼ ਅਤੇ ਸਰਵੋਤਮ ਗੇਂਦਬਾਜ਼ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਹੱਦੀ ਖੇਤਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ, ਜਿਨ੍ਹਾਂ ਵਿਚ ਬਾਰਡਰ ਏਰੀਆ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਖਦੇਵ ਸੰਧੂ, ਕਿਸਾਨ ਯੂਨੀਅਨ ਕਮੇਟੀ ਦੇ ਮੈਂਬਰ ਸ਼ਿਆਮ ਲਾਲ, ਪਿੰਡ ਘੇਲੇਵਾਲਾ ਦੇ ਸਰਪੰਚ ਗੁਰਮੀਤ ਸਿੰਘ, ਪਿੰਡ ਜੋਧਾਵਾਲਾ ਦੇ ਸਰਪੰਚ ਮਹਿੰਦਰ ਸਿੰਘ ਅਤੇ ਕਿ੍ਕਟ ਟੂਰਨਾਮੈਂਟ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ | ਇਸ ਤੋਂ ਇਲਾਵਾ ਇਲਾਕੇ ਦੇ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਪਹੁੰਚੇ ਖੇਡ ਪ੍ਰੇਮੀਆਂ ਨੇ ਮੈਚ ਦਾ ਭਰਪੂਰ ਅਨੰਦ ਮਾਣਿਆ |