ਅਬੋਹਰ, 10 ਜੂਨ (ਤੇਜਿੰਦਰ ਸਿੰਘ ਖ਼ਾਲਸਾ)-ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਤੇ ਮੰਗਾਂ ਲਈ ਨਿਰੰਤਰ ਸੰਘਰਸ਼ਸ਼ੀਲ ਜਥੇਬੰਦੀ 'ਆਜ਼ਾਦ ਕਿਸਾਨ ਮੋਰਚਾ ਪੰਜਾਬ' ਵਲੋਂ ਆਪਣੀ ਸੰਗਠਨਾਤਮਿਕ ਮਜ਼ਬੂਤੀ ਨੂੰ ਵਧਾਉਂਦੇ ਹੋਏ ਰਾਮਨਗਰ ਵਿਖੇ ਨਵੀਂ ਇਕਾਈ ਦਾ ਗਠਨ ਕੀਤਾ ਗਿਆ ਹੈ | ਇਹ ਫ਼ੈਸਲਾ ਆਜ਼ਾਦ ਤੌਰ 'ਤੇ ਚੁਣੇ ਗਏ ਨਗਰ ਨਿਗਮ ਕੌਂਸਲਰ ਭਰਤ ਲਾਲ ਸ਼ਾਕਿਆ ਦੀ ਅਗਵਾਈ ਹੇਠ ਰਾਮ ਨਗਰ ਵਿਖੇ ਹੋਈ ਇਕ ਅਹਿਮ ਮੀਟਿੰਗ ਦੌਰਾਨ ਲਿਆ ਗਿਆ | ਇਹ ਨਿਯੁਕਤੀਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਚੌਧਰੀ ਮਨੋਜ ਕੁਮਾਰ ਗੋਦਾਰਾ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪਰਜਾਪਤੀ ਅਤੇ ਇਕਾਈ ਪ੍ਰਧਾਨ ਬਲਕਰਨ ਸਿੰਘ ਪੱਟੀ ਸਦੀਕ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਬਸੰਮਤੀ ਨਾਲ ਨੇਪਰੇ ਚਾੜ੍ਹੀਆਂ ਗਈਆਂ | ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਚੌਧਰੀ ਮਨੋਜ ਕੁਮਾਰ ਗੋਦਾਰਾ ਨੇ ਕਿਹਾ ਕਿ ਇਸ ਨਵੀਂ ਇਕਾਈ ਦੇ ਗਠਨ ਨਾਲ ਇਲਾਕੇ ਵਿਚ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤੀ ਮਿਲੇਗੀ | ਉਨ੍ਹਾਂ ਕਿਹਾ ਕਿ ਨਵੀਂ ਟੀਮ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਥਾਨਕ ਸਮੱਸਿਆਵਾਂ ਨੂੰ ਹੱਲ ਕਰਵਾਉਣ ਅਤੇ ਉਨ੍ਹਾਂ ਦੀ ਆਵਾਜ਼ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ | ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪਰਜਾਪਤੀ ਨੇ ਰਾਮਨਗਰ ਦੀਆਂ ਗਲੀਆਂ ਦੀ ਮਾੜੀ ਹਾਲਤ 'ਤੇ ਡੂੰਘੀ ਚਿੰਤਾ ਪ੍ਰਗਟਾਈ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 30 ਦੀਆਂ ਗਲੀਆਂ ਨਾਲੋਂ ਤਾਂ ਪਿੰਡਾਂ ਦੀਆਂ ਗਲੀਆਂ ਬਹੁਤ ਬਿਹਤਰ ਹਨ | ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਾਰਡ ਦੇ ਵਿਕਾਸ ਅਤੇ ਲੋਕਾਂ ਦੀਆਂ ਸਹੂਲਤਾਂ ਲਈ ਨਗਰ ਨਿਗਮ ਦਫ਼ਤਰ ਅਬੋਹਰ ਦਾ ਘਿਰਾਓ ਵੀ ਕਰਨਾ ਪਿਆ, ਤਾਂ ਜਥੇਬੰਦੀ ਵਾਰਡ ਵਾਸੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਕਰਨ ਲਈ ਬਿਲਕੁਲ ਤਿਆਰ ਹੈ | ਨਵੀਂ ਇਕਾਈ ਦੇ ਗਠਨ ਮੌਕੇ ਚੁਣੇ ਗਏ ਸਾਰੇ ਅਹੁਦੇਦਾਰਾਂ ਦਾ ਸਿਰੋਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਨਵ-ਨਿਯੁਕਤ ਆਗੂਆਂ ਨੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਜਥੇਬੰਦੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਲਗਨ ਅਤੇ ਵਫ਼ਾਦਾਰੀ ਨਾਲ ਨਿਭਾਉਣਗੇ | ਇਸ ਮੌਕੇ ਸੁਖਚੈਨ ਇਕਾਈ ਦੇ ਪ੍ਰਧਾਨ ਪਵਨ ਬਿਸ਼ਨੋਈ ਤੋਂ ਇਲਾਵਾ ਸੋਮੀ, ਜੋਗਿੰਦਰ ਸਿੰਘ, ਸੁਨੀਲ ਕੁਮਾਰ, ਲੱਖਾ ਸਿੰਘ, ਦੇਵ ਚੰਦਰ, ਰਜੇਸ਼, ਅਮੀ ਚੰਦ, ਰਜੇਸ਼ ਕੁਮਾਰ ਅਤੇ ਵੀਰਪਾਲ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਹਾਜ਼ਰ ਸਨ |