ਮੰਡੀ ਲਾਧੂਕਾ, 10 ਜੂਨ (ਛਾਬੜਾ)-ਹਿੰਦ ਪਾਕ ਸਰਹੱਦ 'ਤੇ ਭਾਰਤ ਸਰਕਾਰ ਵਲੋਂ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਬਣਾਇਆ ਜਾ ਰਿਹਾ ਬੰਨ੍ਹ ਇਸ ਖੇਤਰ ਦੇ ਲੋਕਾਂ ਦੀ ਵੱਡੀ ਬਰਬਾਦੀ ਦਾ ਕਾਰਨ ਬਣੇਗਾ, ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਾਂਝੇ ਕੀਤੇ ਹਨ | ਉਨ੍ਹਾਂ ਨੇ ਕਿਹਾ ਹੈ ਆਰਮੀ ਵਲੋਂ ਇਸ ਸਰਹੱਦੀ ਖੇਤਰ ਵਿਚ ਇਸ ਬੰਨ੍ਹ ਤੇ ਕੰਮ ਸ਼ੁਰੂ ਕਰਨ ਲਈ ਨਿਸ਼ਾਨੀਆਂ ਲਗਾਈਆਂ ਜਾ ਰਹੀਆਂ ਹਨ ਪਰ ਸਰਕਾਰ ਵਲੋਂ ਇਸ ਸਬੰਧ ਵਿਚ ਕਿਸਾਨਾਂ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰ ਵਲੋਂ ਸਰਹੱਦ 'ਤੇ ਕੰਡਿਆਲੀ ਤਾਰ ਲਗਾਈ ਸੀ, ਜਿਸ ਕਾਰਨ ਇਸ ਖੇਤਰ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਹੁਣ ਤੱਕ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਹੈ ਜੇਕਰ ਭਾਰਤ ਸਰਕਾਰ ਇਸ ਸਰਹੱਦੀ ਖੇਤਰ ਵਿਚ ਬੰਨ੍ਹ ਬਣਾਉਂਦੀ ਹੈ ਤਾਂ, ਇਸ ਖੇਤਰ ਦੇ ਪਿੰਡ ਮੁਹਾਰ ਖੀਵਾ, ਮੁਹਾਰ ਜਮਸ਼ੇਰ, ਰੇਤੇ ਵਾਲੀ ਭੈਣੀ, ਝੰਗੜ ਭੈਣੀ, ਢਾਣੀ ਸੱਦਾ ਸਿੰਘ, ਗੱਟੀ ਨੰਬਰ 1, ਵੱਲੇ ਸ਼ਾਹ ਉਤਾੜ, ਗੁਲਾਬਾ, ਨੂਰ ਸਾਹ, ਘੁਰਕਾਂ, ਪਿੰਡ ਲਾਧੂਕਾ, ਲੱਖੇ ਕੇ ਉਤਾੜ, ਜਮਾਲ ਕੇ, ਜੱਲਾ ਲੱਖਾ ਉਤਾੜ, ਚੱਕ ਖੀਵਾ, ਗਹਿਲੇ ਵਾਲਾ, ਚੱਕ ਬਜੀਦਾ, ਢਾਣੀ ਮਾਘ ਸਿੰਘ ਦੇ ਨਾਲ ਨਾਲ ਪੰਜਾਹ ਤੋਂ ਵੱਧ ਪਿੰਡ ਇਸ ਬੰਨ੍ਹ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ | ਉਨ੍ਹਾਂ ਨੇ ਭਾਰਤ ਸਰਕਾਰ ਤੋਂ ਉਜਾੜੇ ਦਾ ਠੋਸ ਹੱਲ ਕੀਤੇ ਜਾਣ ਦੀ ਮੰਗ ਕੀਤੀ ਹੈ |