ਅਬੋਹਰ, 16 ਜੂਨ (ਵਿਵੇਕ ਹੂੜੀਆ)-ਸਮਾਜ ਸੇਵੀ ਵਿਪਨ ਸ਼ਰਮਾ ਦੇ ਯਤਨਾਂ ਸਦਕਾ ਇਲਾਕੇ ਦੇ ਦਿਵਿਆਂਗ ਵਿਅਕਤੀਆਂ ਦੇ ਰੇਲਵੇ ਪਾਸ ਅਤੇ ਦਿਵਿਆਂਗਤਾ ਸਰਟੀਫਿਕੇਟ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਪਿਛਲੇ ਡੇਢ ਮਹੀਨੇ ਦੌਰਾਨ 58 ਸਰਟੀਫਿਕੇਟ ਅਤੇ 67 ਰੇਲਵੇ ਪਾਸ ਬਣਵਾ ਕੇ ਦਿਵਿਆਂਗਾਂ ਨੂੰ ਰਾਹਤ ਪਹੁੰਚਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਵਿਪਨ ਸ਼ਰਮਾ ਨੇ ਦੱਸਿਆ ਕਿ ਅਬੋਹਰ ਦੇ ਸਰਕਾਰੀ ਸਿਵਲ ਹਸਪਤਾਲ ਵਿਚ ਹਰ ਸ਼ੁੱਕਰਵਾਰ ਨੂੰ ਵਿਸ਼ੇਸ਼ ਕੈਂਪ ਲਗਾਇਆ ਜਾਂਦਾ ਹੈ, ਜਿੱਥੇ ਪਹੁੰਚ ਕੇ ਦਿਵਿਆਂਗ ਵਰਗ ਦੇ ਲੋਕ ਆਪਣੇ ਸਰਟੀਫਿਕੇਟ ਅਤੇ ਰੇਲਵੇ ਪਾਸ ਬਣਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਡੇਢ ਮਹੀਨੇ ਦੌਰਾਨ ਡਾ. ਸਨਮਾਨ ਮਾਂਜੀ ਵਲੋਂ 30 ਸਰਟੀਫਿਕੇਟ, ਡਾ.ਲਵਲੀ ਕਾਂਸਲ ਵਲੋਂ 10 ਸਰਟੀਫਿਕੇਟ, ਡਾ.ਮਹੇਸ਼ ਕੁਮਾਰ ਵਲੋਂ 15 ਸਰਟੀਫਿਕੇਟ, ਡਾ. ਸੁਬੀਨ ਕੌਰ ਵਲੋਂ 3 ਸਰਟੀਫਿਕੇਟ ਬਣਾਏ ਗਏ ਹਨ। ਇਸ ਦੇ ਨਾਲ ਹੀ ਵੱਖ-ਵੱਖ ਡਾਕਟਰਾਂ ਦੇ ਸਹਿਯੋਗ ਨਾਲ 67 ਰੇਲਵੇ ਪਾਸ ਵੀ ਤਿਆਰ ਕੀਤੇ ਗਏ। ਵਿਪਨ ਸ਼ਰਮਾ ਨੇ ਦੱਸਿਆ ਕਿ ਦਿਵਿਆਂਗ ਵਿਅਕਤੀ ਕੋਲ ਰੇਲਵੇ ਪਾਸ ਹੋਣ ਨਾਲ ਉਸ ਨੂੰ ਤਾਂ ਸਫ਼ਰ ਵਿਚ ਲਾਭ ਮਿਲਦਾ ਹੀ ਹੈ, ਸਗੋਂ ਉਸ ਦੇ ਨਾਲ ਜਾਣ ਵਾਲੇ ਸਹਾਇਕ ਦਾ ਰੇਲ ਕਿਰਾਇਆ ਵੀ ਮਹਿਜ਼ 25 ਫ਼ੀਸਦੀ ਲੱਗਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸਮੂਹ ਦਿਵਿਆਂਗ ਜਨ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ। ਸਮਾਜ ਸੇਵੀ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਮਾਨਸਿਕ ਤੌਰ ’ਤੇ ਕਮਜ਼ੋਰ ਬੱਚਿਆਂ ਦੇ ‘ਆਈ.ਕਿਊ. ਟੈੱਸਟ’ ਦੀ ਸਹੂਲਤ ਜ਼ਿਲ੍ਹਾ ਪੱਧਰ ’ਤੇ ਮੁਹੱਈਆ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਅਬੋਹਰ ਦੇ ਸਿਵਲ ਹਸਪਤਾਲ ਵਿਚ ਜਲਦ ਤੋਂ ਜਲਦ ਬੱਚਿਆਂ ਦੇ ਮਾਹਿਰ ਡਾਕਟਰ ਦੀ ਤਾਇਨਾਤੀ ਯਕੀਨੀ ਬਣਾਉਣ ਦੀ ਮੰਗ ਵੀ ਚੁੱਕੀ। ਇਸ ਮੌਕੇ ਰਾਜੀਵ ਕੁਮਾਰ, ਪੂਜਾ ਰਾਣੀ ਅਤੇ ਨਿਸ਼ਾ ਰਾਣੀ ਵਲੋਂ ਵੀ ਕੈਂਪ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਗਿਆ।