31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ, ਵਾਲ-ਵਾਲ ਬਚਿਆ ਪਰਿਵਾਰ

ਅਜੀਤ ਡੈਸਕ 18-06-2026
ਫ਼ਾਜ਼ਿਲਕਾ, 17 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਖੇਤਰ ਵਿਚ ਹੋਈ ਤੇਜ਼ ਬਾਰਸ਼ ਇਕ ਗ਼ਰੀਬ ਪਰਿਵਾਰ ਲਈ ਵੱਡੀ ਆਫ਼ਤ ਬਣ ਕੇ ਵਰ੍ਹੀ ਹੈ। ਹਲਕੇ ਦੇ ਪਿੰਡ ਲੱਖੇ ਕੇ ਉਤਾੜ ਵਿਚ ਮੀਂਹ ਦੇ ਕਾਰਨ ਇਕ ਗ਼ਰੀਬ ਵਿਅਕਤੀ ਦੇ ਮਕਾਨ ਦੀ ਛੱਤ ਅਚਾਨਕ ਡਿਗ ਗਈ। ਇਸ ਦਰਦਨਾਕ ਹਾਦਸੇ ਵਿਚ ਪੀੜਤ ਪਰਿਵਾਰ ਦਾ ਸਾਰਾ ਸਾਮਾਨ ਮਲਬੇ ਹੇਠ ਦੱਬ ਕੇ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ। ਪੀੜਤ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਪਾਸੋਂ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ। ਪੀੜਤ ਜਥੇਦਾਰ ਮਲਕੀਤ ਸਿੰਘ ਨੇ ਹੰਝੂ ਭਰੀਆਂ ਅੱਖਾਂ ਨਾਲ ਆਪਬੀਤੀ ਸੁਣਾਉਂਦਿਆਂ ਦੱਸਿਆ ਕਿ ਹਾਦਸੇ ਦੇ ਸਮੇਂ ਤੇਜ਼ ਬਾਰਸ਼ ਹੋ ਰਹੀ ਸੀ ਅਤੇ ਉਹ ਘਰ ਦੇ ਅੰਦਰ ਸੁੱਤਾ ਹੋਇਆ ਸੀ। ਜਿਵੇਂ ਹੀ ਮੀਂਹ ਹਟਿਆ, ਉਹ ਕਿਸੇ ਕੰਮ ਲਈ ਘਰੋਂ ਬਾਹਰ ਨਿਕਲਿਆ। ਉਸ ਦੇ ਬਾਹਰ ਨਿਕਲਦਿਆਂ ਹੀ ਪਿੱਛੋਂ ਅਚਾਨਕ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ। ਜਦੋਂ ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਦੇ ਮਕਾਨ ਦੀ ਛੱਤ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਸੀ। ਮਲਕੀਤ ਸਿੰਘ ਦੀ ਜਾਨ ਤਾਂ ਵਾਲ-ਵਾਲ ਬਚ ਗਈ, ਪਰ ਉਸ ਦਾ ਸਿਰ ਲੁਕਾਉਣ ਦਾ ਆਸ਼ਿਆਨਾ ਖ਼ਤਮ ਹੋ ਗਿਆ। ਮਲਕੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਘਰ ਵਿਚ ਰੱਖਿਆ ਬੈੱਡ, ਅਲਮਾਰੀ ਅਤੇ ਸਾਰਾ ਘਰੇਲੂ ਸਾਮਾਨ ਮਲਬੇ ਹੇਠ ਦੱਬ ਕੇ ਟੁੱਟ ਚੁੱਕਾ ਹੈ। ਰੋਟੀ-ਪਾਣੀ ਬਣਾਉਣ ਲਈ ਘਰ ਵਿਚ ਇਕ ਬਰਤਨ ਤੱਕ ਸਾਬਤ ਨਹੀਂ ਬਚਿਆ। ਭਿਆਨਕ ਗਰਮੀ ਤੋਂ ਬਚਣ ਲਈ ਉਸ ਨੇ ਹਾਲ ਹੀ ਵਿਚ ਕਿਸ਼ਤਾਂ ’ਤੇ ਇਕ ਕੂਲਰ ਖ਼ਰੀਦਿਆ ਸੀ, ਉਹ ਵੀ ਇਸ ਮਲਬੇ ਵਿਚ ਦੱਬ ਕੇ ਤਬਾਹ ਹੋ ਗਿਆ ਹੈ। ਪੀੜਤ ਨੇ ਦੱਸਿਆ ਕਿ ਉਹ ਇੱਕ ਸਥਾਨਕ ਚੌਕੀਦਾਰ ਵਜੋਂ ਕੰਮ ਕਰਦਾ ਹੈ, ਜਿਸ ਤੋਂ ਉਸ ਨੂੰ ਮਹਿਜ਼ 6,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਦੀ ਹੈ। ਇੰਨੀ ਘੱਟ ਰਕਮ ਵਿਚ ਪਰਿਵਾਰ ਦਾ ਗੁਜ਼ਾਰਾ ਪਹਿਲਾਂ ਹੀ ਬੜੀ ਮੁਸ਼ਕਿਲ ਨਾਲ ਹੁੰਦਾ ਸੀ।ਪੀੜਤ ਮਲਕੀਤ ਸਿੰਘ ਕੋਲ ਹੁਣ ਪਰਿਵਾਰ ਸਮੇਤ ਬੈਠਣ ਲਈ ਵੀ ਕੋਈ ਜਗਾ ਨਹੀਂ ਬਚੀ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਸੰਕਟ ਦੀ ਘੜੀ ਵਿਚ ਉਨ੍ਹਾਂ ਨੂੰ ਤੁਰੰਤ ਆਰਥਿਕ ਸਹਾਇਤਾ ਅਤੇ ਸਿਰ ਢਕਣ ਲਈ ਤਰਪਾਲ ਆਦਿ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਸੰਭਾਲ ਸਕੇ।
ਪਿਛਲੀ ਖ਼ਬਰ ਬੱਚਿਆਂ ਦੇ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਘਰ ’ਚ ਵੜ ਕੇ ਕੀਤਾ ਹਮਲਾ-ਦੋ ਜ਼ਖ਼ਮੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ * ਪਾਰਟੀ ਨੂੰ ਬੂਥ ਪੱਧਰ ਤੱਕ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।