ਅਬੋਹਰ, 17 ਜੂਨ (ਵਿਵੇਕ ਹੂੜੀਆ)-ਅਬੋਹਰ ਦੇ ਨਵੀਂ ਆਬਾਦੀ ਖੇਤਰ ਵਿਚ ਬੀਤੀ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ, ਜਿੱਥੇ ਕੁੱਝ ਨੌਜਵਾਨਾਂ ਨੇ ਕ੍ਰਿਕਟ ਖੇਡਣ ਨੂੰ ਲੈ ਕੇ ਹੋਈ ਰੰਜਸ਼ ਦੇ ਚੱਲਦਿਆਂ ਇਕ ਬੱਚੇ ਦੇ ਘਰ ਵਿਚ ਤਲਵਾਰਾਂ ਅਤੇ ਕਾਪਿਆਂ ਸਮੇਤ ਦਾਖ਼ਲ ਹੋ ਕੇ ਨਾ ਸਿਰਫ਼ ਪਰਿਵਾਰਕ ਮੈਂਬਰਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਸਗੋਂ ਘਰ ’ਤੇ ਪੱਥਰ ਬਾਜ਼ੀ ਕਰਦਿਆਂ ਭੰਨਤੋੜ ਵੀ ਕੀਤੀ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਪੁਲਿਸ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਮੁਹੱਲਾ ਵਾਸੀਆਂ ਨੇ ਥਾਣਾ ਸਿਟੀ-2 ਦੇ ਬਾਹਰ ਮੁੱਖ ਸੜਕ ’ਤੇ ਧਰਨਾ ਲਗਾ ਕੇ ਚੱਕਾ ਜਾਮ ਕਰ ਦਿੱਤਾ, ਜੋ ਕਿ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ। ਇਸ ਧਰਨੇ ਵਿਚ ਕਾਂਗਰਸੀ ਆਗੂ ਅਤੇ ਭਾਜਪਾ ਦੇ ਮੌਜੂਦਾ ਕੌਂਸਲਰ ਵੀ ਸ਼ਾਮਲ ਹੋਏ। ਜਾਣਕਾਰੀ ਅਨੁਸਾਰ ਬੀਤੀ ਰਾਤ ਨਵੀਂ ਆਬਾਦੀ ਗਲੀ ਨੰਬਰ 18 ਵਿਚ ਕਰਨ ਨਾਂ ਦਾ ਲੜਕਾ ਹੋਰ ਬੱਚਿਆਂ ਨਾਲ ਕ੍ਰਿਕਟ ਖੇਡ ਰਿਹਾ ਸੀ। ਇਸੇ ਦੌਰਾਨ ਮੁਹੱਲੇ ਦਾ ਹੀ ਸੂਜਲ ਨਾਂ ਦਾ ਨੌਜਵਾਨ ਉੱਥੇ ਆਇਆ, ਜਿਸ ’ਤੇ ਪਹਿਲਾਂ ਵੀ ਕਈ ਪਰਚੇ ਦਰਜ ਹਨ। ਉਸ ਨੇ ਬੱਚਿਆਂ ਨੂੰ ਉਸ ਨੂੰ ਵੀ ਖਿਡਾਉਣ ਲਈ ਕਿਹਾ, ਪਰ ਜਦੋਂ ਬੱਚਿਆਂ ਨੇ ਮਨ੍ਹਾ ਕਰ ਦਿੱਤਾ ਤਾਂ ਉਹ ਦੇਖ ਲੈਣ ਦੀਆਂ ਧਮਕੀਆਂ ਦਿੰਦਾ ਹੋਇਆ ਉੱਥੋਂ ਚੱਲਿਆ ਗਿਆ। ਲੋਕਾਂ ਨੇ ਦੱਸਿਆ ਕਿ ਸੂਜਲ ਦੇ ਅਪਰਾਧਿਕ ਪਿਛੋਕੜ ਕਾਰਨ ਕਰਨ ਦੇ ਪਰਿਵਾਰ ਵਾਲਿਆਂ ਨੇ ਪਹਿਲਾਂ ਹੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਸੀ ਕਿ ਉਹ ਧਮਕੀ ਦੇ ਕੇ ਗਿਆ ਹੈ ਅਤੇ ਕੋਈ ਵੱਡੀ ਵਾਰਦਾਤ ਕਰ ਸਕਦਾ ਹੈ। ਦੋਸ਼ ਹੈ ਕਿ ਪੁਲਿਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸੇ ਦੇ ਚੱਲਦਿਆਂ ਰਾਤ ਕਰੀਬ 10 ਵਜੇ ਉਕਤ ਨੌਜਵਾਨ ਆਪਣੇ ਕਈ ਸਾਥੀਆਂ ਸਮੇਤ ਕਾਪੇ ਅਤੇ ਤਲਵਾਰਾਂ ਲੈ ਕੇ ਕਰਨ ਦੇ ਘਰ ਵੜ ਗਿਆ ਅਤੇ ਹਮਲਾ ਕਰ ਦਿੱਤਾ। ਜਦੋਂ ਪਰਿਵਾਰ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਬੱਚੇ ਦੇ ਪਿਤਾ ਦਿਨੇਸ਼ ਅਤੇ ਉਸ ਦੇ ਚਾਚੇ ਸਤੀਸ਼ ਕੁਮਾਰ ’ਤੇ ਕਾਪਿਆਂ ਨਾਲ ਕਈ ਵਾਰ ਕੀਤੇ ਅਤੇ ਉਨ੍ਹਾਂ ਨੂੰ ਲਹੂ-ਲੁਹਾਨ ਕਰ ਦਿੱਤਾ। ਬਾਕੀ ਮੈਂਬਰਾਂ ਨੂੰ ਵੀ ਮਾਮੂਲੀ ਸੱਟਾਂ ਵੱਜੀਆਂ। ਪਰਿਵਾਰ ਵਲੋਂ ਰੌਲਾ ਪਾਉਣ ’ਤੇ ਜਦੋਂ ਲੋਕ ਇਕੱਠੇ ਹੋਏ ਤਾਂ ਹਮਲਾਵਰ ਫ਼ਰਾਰ ਹੋ ਗਏ। ਮੌਕੇ ’ਤੇ ਪਹੁੰਚੇ ਵਾਰਡ ਦੇ ਕੌਂਸਲਰ ਡਾ.ਮੁਕੇਸ਼ ਕੁਮਾਰ ਨੇ ਕਿਹਾ ਕਿ ਲਾਈਨਪਾਰ ਖੇਤਰ ਵਿਚ ਗੁੰਡਾਗਰਦੀ ਦਿਨੋ-ਦਿਨ ਵਧ ਰਹੀ ਹੈ ਅਤੇ ਲੋਕਾਂ ਵਿਚ ਪੁਲਿਸ ਦਾ ਕੋਈ ਖ਼ੌਫ਼ ਨਹੀਂ ਹੈ। ਪੁਲਿਸ ਦੀ ਲਾਪਰਵਾਹੀ ਦੇ ਰੋਸ ਵਜੋਂ ਮੁਹੱਲਾ ਵਾਸੀਆਂ ਨੇ ਥਾਣੇ ਅੱਗੇ ਚੱਕਾ ਜਾਮ ਕੀਤਾ, ਜਿਸ ਵਿਚ ਕੌਂਸਲਰ ਡਾ.ਮੁਕੇਸ਼, ਕੌਂਸਲਰ ਦੇ ਪਤੀ ਰਾਜੇਸ਼ ਗੁਪਤਾ ਅਤੇ ਕਾਂਗਰਸੀ ਆਗੂ ਸੁਧੀਰ ਭਾਦੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ ਥਾਣਾ ਨੰਬਰ 2 ਦੇ ਮੁਖੀ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੱਲ੍ਹ ਰਾਤ ਜਿਵੇਂ ਹੀ ਗੁੰਡਾਗਰਦੀ ਦੀ ਸੂਚਨਾ ਮਿਲੀ, ਪੁਲਿਸ ਟੀਮ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ ਸੀ ਪਰ ਹਾਲੇ ਤੱਕ ਉਨ੍ਹਾਂ ਕੋਲ ਐਮ.ਐਲ.ਆਰ.ਨਹੀਂ ਪਹੁੰਚੀ ਹੈ। ਪੁਲਿਸ ਦੀਆਂ ਟੀਮਾਂ ਹਮਲਾਵਰ ਨੌਜਵਾਨ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ, ਪਰ ਉਹ ਘਰੋਂ ਫ਼ਰਾਰ ਹੈ। ਜਲਦ ਹੀ ਉਸ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਬੱਚਿਆਂ ਦੇ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਘਰ ’ਚ ਵੜ ਕੇ ਕੀਤਾ ਹਮਲਾ-ਦੋ ਜ਼ਖ਼ਮੀ
ਅਜੀਤ ਡੈਸਕ
18-06-2026