ਜਲਾਲਾਬਾਦ, 17 ਜੂਨ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਲੱਧੂ ਵਾਲਾ ਉਤਾੜ ਵਿਖੇ ਬਾਬਾ ਸੁੰਦਰ ਦਾਸ ਜੀ ਵੈੱਲਫੇਅਰ ਐਂਡ ਚੈਰੀਟੇਬਲ ਸੁਸਾਇਟੀ ਵਲੋਂ ਬਾਬਾ ਰਾਜ ਕੁਮਾਰ ਦੀ ਰਹਿਨੁਮਾਈ ਹੇਠ ਪਿਛਲੇ ਕਾਫ਼ੀ ਦਿਨਾਂ ਤੋਂ ਛੋਟੇ ਬੱਚਿਆਂ ਲਈ ਚੱਲ ਰਿਹਾ ਕੈਂਪ ਸਮਾਪਤ ਹੋਇਆ। ਸਮਾਪਤੀ ਮੌਕੇ ਬੱਚਿਆਂ ਦੇ ਖੇਡ ਮੁਕਾਬਲੇ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਅਹੁਦੇਦਾਰਾਂ ਨੇ ਦੱਸਿਆ ਕਿ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਬਾਬਾ ਸੁੰਦਰ ਦਾਸ ਜੀ ਵੈੱਲਫੇਅਰ ਐਂਡ ਚੈਰੀਟੇਬਲ ਸੁਸਾਇਟੀ ਦੇ ਸਾਰੇ ਯੂਥ ਸੇਵਾਦਾਰਾਂ ਦੇ ਸਹਿਯੋਗ ਨਾਲ ਬੱਚਿਆਂ ਦੀਆਂ ਖੇਡਾਂ ਸਬੰਧੀ ਕੈਂਪ ਲਗਾਇਆ ਜਾ ਰਿਹਾ ਸੀ। ਅੱਜ ਫਾਈਨਲ ਮੁਕਾਬਲੇ ਕਰਵਾਏ ਗਏ। ਜੇਤੂ ਬੱਚਿਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਵੰਸ਼ ਖੁੰਗਰ ਨੇ ਦੱਸਿਆ ਕਿ ਬੱਚਿਆਂ ਨੂੰ ਫ਼ੋਨ ਤੋਂ ਦੂਰ ਰੱਖਣ ਦੀ ਇਹ ਪਹਿਲੀ ਕੋਸ਼ਿਸ਼ ਸਫਲ ਰਹੀ, ਸਾਰੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਇਹ ਮੁਕਾਬਲਾ ਬਹੁਤ ਹੀ ਸਫਲਤਾਪੂਰਵਕ ਸਮਾਪਤ ਹੋਇਆ। ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਇਸ ਤਰ੍ਹਾਂ ਦੇ ਉਪਰਾਲੇ ਕਰਨ ਦੇ ਪੂਰੇ ਯਤਨ ਕਰੇਗੀ।