ਫ਼ਾਜ਼ਿਲਕਾ, 17 ਜੂਨ (ਦਵਿੰਦਰ ਪਾਲ ਸਿੰਘ)-ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵਲੋਂ ਦਾਣਾ ਮੰਡੀ ਫ਼ਾਜ਼ਿਲਕਾ ਵਿਖੇ ਇਲਾਕੇ ਦੇ ਵਪਾਰੀਆਂ ਨਾਲ ਇਕ ਅਹਿਮ ਬੈਠਕ ਕੀਤੀ ਗਈ। ਇਸ ਗੱਲਬਾਤ ਦੌਰਾਨ ਵਪਾਰੀ ਵਰਗ ਨੂੰ ਦਰਪੇਸ਼ ਮੁਸ਼ਕਲਾਂ ਅਤੇ ਉਨ੍ਹਾਂ ਦੇ ਪੱਕੇ ਹੱਲ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐਮ. ਜੁਗਰਾਜ ਸਿੰਘ ਸਮੇਤ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਅਤੇ ਵਪਾਰੀ ਸੰਗਠਨਾਂ ਦੇ ਅਹੁਦੇਦਾਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਮੌਕੇ ਹਾਜ਼ਰ ਵਪਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਵਪਾਰੀਆਂ ਦੀਆਂ ਜਾਇਜ਼ ਮੰਗਾਂ ਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ, ਇਸ ਲਈ ਉਨ੍ਹਾਂ ਦੇ ਹਿਤਾਂ ਦੀ ਰੱਖਿਆ ਕਰਨਾ ਅਤੇ ਕਾਰੋਬਾਰ ਲਈ ਸੁਖਾਵਾਂ ਮਾਹੌਲ ਸਿਰਜਣਾ ਸਰਕਾਰ ਦੀ ਮੁੱਖ ਤਰਜੀਹ ਹੈ। ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਕਾਰਜਾਂ, ਬਾਜ਼ਾਰਾਂ ’ਚ ਬੁਨਿਆਦੀ ਸਹੂਲਤਾਂ ਦੇ ਸੁਧਾਰ, ਸਟਰੀਟ ਲਾਈਟਾਂ, ਸੀਵਰੇਜ ਵਿਵਸਥਾ, ਦਾਣਾ ਮੰਡੀ ਵਿਚ ਕਣਕ ਦੀ ਫ਼ਸਲ ਦੀ ਸੁਰੱਖਿਆ ਲਈ ਸ਼ੈੱਡ ਬਣਾਉਣ, ਟਰੈਫ਼ਿਕ ਪ੍ਰਬੰਧਨ, ਸੁਰੱਖਿਆ ਪ੍ਰਬੰਧਾਂ ਅਤੇ ਕਾਰੋਬਾਰ ਨਾਲ ਜੁੜੀਆਂ ਹੋਰ ਕਈ ਚੁਨੌਤੀਆਂ ’ਤੇ ਖੁੱਲ੍ਹ ਕੇ ਚਰਚਾ ਕੀਤੀ ਗਈ। ਵਿਧਾਇਕ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵਲੋਂ ਉਠਾਏ ਗਏ ਹਰ ਇੱਕ ਮੁੱਦੇ ਨੂੰ ਸਬੰਧਿਤ ਵਿਭਾਗਾਂ ਦੇ ਧਿਆਨ ਵਿਚ ਲਿਆ ਕੇ ਤਰਜੀਹੀ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮਾਨ ਸਰਕਾਰ ਲੋਕਾਂ ਅਤੇ ਵਪਾਰੀ ਵਰਗ ਨਾਲ ਲਗਾਤਾਰ ਸਿੱਧਾ ਸੰਵਾਦ ਰਚਾ ਕੇ ਵਿਕਾਸ ਅਤੇ ਖ਼ੁਸ਼ਹਾਲੀ ਦੇ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਇਸ ਅਹਿਮ ਸੰਵਾਦ ਦੌਰਾਨ ਲਵਿਸ਼ ਚਾਵਲਾ ਚੇਅਰਮੈਨ ਟਰੇਡ ਵਿੰਗ, ਟਰੇਡ ਵਿੰਗ ਫ਼ਾਜ਼ਿਲਕਾ ਦੇ ਸਮੂਹ ਮੈਂਬਰ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵਚਨਬੱਧ-ਵਿਧਾਇਕ ਸਵਨਾ
ਅਜੀਤ ਡੈਸਕ
18-06-2026