06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸਵਾ ਮਹੀਨੇ ਤੋਂ ਲਾਪਤਾ ਨਾਬਾਲਗ ਲੜਕੀ ਦੇ ਨਾ ਮਿਲਣ ’ਤੇ ਪਰਿਵਾਰਕ ਮੈਂਬਰਾਂ ਨੇ ਲਗਾਇਆ ਧਰਨਾ

ਅਜੀਤ ਡੈਸਕ 27-06-2026
ਅਬੋਹਰ, 26 ਜੂਨ(ਵਿਵੇਕ ਹੂੜੀਆ)-ਅਬੋਹਰ ਦੇ ਗੋਬਿੰਦ ਨਗਰੀ ਇਲਾਕੇ ’ਚੋਂ ਕਰੀਬ ਸਵਾ ਮਹੀਨੇ ਪਹਿਲਾਂ ਇਕ ਨਾਬਾਲਗ ਲੜਕੀ ਨੂੰ ਬਹਿਲਾ-ਫੁਸਲਾ ਕੇ ਭਜਾ ਲੈ ਜਾਣ ਦੇ ਮਾਮਲੇ ਵਿਚ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਤੋਂ ਗ਼ੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਅਤੇ ਭਾਜਪਾ ਕੌਂਸਲਰਾਂ ਵਲੋਂ ਅਬੋਹਰ-ਮਲੋਟ ਚੌਕ ’ਤੇ ਮੁਕੰਮਲ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਇਨਸਾਫ਼ ਦੀ ਮੰਗ ਕੀਤੀ। ਧਰਨੇ ਦੌਰਾਨ ਰੋਸ ਪ੍ਰਗਟ ਕਰਦਿਆਂ ਭਾਜਪਾ ਕੌਂਸਲਰਾਂ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਦਾ ਇਕ ਵਫ਼ਦ ਉੱਚ ਪੁਲਿਸ ਅਧਿਕਾਰੀਆਂ ਨੂੰ ਮਿਲਿਆ ਸੀ। ਉਸ ਸਮੇਂ ਐੱਸ.ਪੀ.ਅਤੇ ਡੀ.ਐੱਸ.ਪੀ.ਨੇ ਭਰੋਸਾ ਦਿੱਤਾ ਸੀ ਕਿ ਨਾਮਜ਼ਦ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਲੜਕੀ ਨੂੰ ਬਰਾਮਦ ਕਰ ਲਿਆ ਜਾਵੇਗਾ। ਪਰਿਵਾਰ ਨੇ ਪੁਲਿਸ ਨੂੰ ਦੋ ਦਿਨਾਂ ਦਾ ਅਲਟੀਮੇਟਮ ਦਿੱਤਾ ਸੀ ਪਰ ਅੱਜ ਤੱਕ ਨਾ ਤਾਂ ਲੜਕੀ ਦਾ ਕੋਈ ਸੁਰਾਗ ਮਿਲਿਆ ਅਤੇ ਨਾ ਹੀ ਮੁੱਖ ਮੁਲਜ਼ਮ ਫੜੇ ਗਏ। ਪੀੜਤ ਪਰਿਵਾਰ ਨੇ ਗੰਭੀਰ ਆਰੋਪ ਲਗਾਉਂਦਿਆਂ ਕਿਹਾ ਕਿ ਅੱਜ ਜਦੋਂ ਉਹ ਥਾਣੇ ਵਿਚ ਕਾਰਵਾਈ ਦੀ ਰਿਪੋਰਟ ਲੈਣ ਪਹੁੰਚੇ ਤਾਂ ਉੱਥੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਕਮਰਿਆਂ ਦੇ ਗੇਟ ਬੰਦ ਕਰ ਲਏ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਦਿਆਂ ਥਾਣੇ ਤੋਂ ਬਾਹਰ ਕੱਢ ਦਿੱਤਾ। ਪੁਲਿਸ ਦੇ ਇਸ ਵਤੀਰੇ ਤੋਂ ਭੜਕੇ ਲੋਕਾਂ ਨੇ ਮਜਬੂਰ ਹੋ ਕੇ ਸੜਕ ’ਤੇ ਧਰਨਾ ਲਗਾ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਲੜਕੀ ਦਾ ਪਤਾ ਨਹੀਂ ਲੱਗਦਾ, ਧਰਨਾ ਖ਼ਤਮ ਨਹੀਂ ਹੋਵੇਗਾ। ਧਰਨੇ ਦੀ ਖ਼ਬਰ ਮਿਲਦਿਆਂ ਹੀ ਥਾਣਾ ਮੁਖੀ ਮਨਿੰਦਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰਕ ਮੈਂਬਰ ਭਿਆਨਕ ਗਰਮੀ ਦੇ ਬਾਵਜੂਦ ਲੜਕੀ ਦੀ ਬਰਾਮਦਗੀ ਦੀ ਜ਼ਿੱਦ ’ਤੇ ਅੜੇ ਰਹੇ। ਦੂਜੇ ਪਾਸੇ ਫਾਜ਼ਿਲਕਾ-ਮਲੋਟ ਮੁੱਖ ਮਾਰਗ ’ਤੇ ਚੱਕਾ ਜਾਮ ਹੋਣ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਮੀਲਾਂ ਲੰਬੀਆਂ ਕਤਾਰਾਂ ਲੱਗ ਗਈਆਂ। ਅੱਤ ਦੀ ਗਰਮੀ ਕਾਰਨ ਆਮ ਲੋਕਾਂ, ਔਰਤਾਂ ਅਤੇ ਬੱਚਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਵਾਹਨ ਚਾਲਕਾਂ ਨੂੰ ਲਿੰਕ ਰੋਡਾਂ ’ਤੇ ਦੂਰ-ਦਰਾਜ ਦੇ ਰਸਤਿਆਂ ਰਾਹੀਂ ਜਾਣ ਲਈ ਮਜਬੂਰ ਹੋਣਾ ਪਿਆ। ਜਦੋਂ ਇਸ ਸਬੰਧੀ ਡੀ.ਐੱਸ.ਪੀ. ਅਬੋਹਰ ਅਤੇ ਡੀ.ਐੱਸ.ਪੀ. ਬੱਲੂਆਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਲੜਕੇ ਦੀ ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਬੀਤੇ ਦਿਨ ਲੜਕੇ ਦੀ ਮਾਂ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਲੜਕੇ ਦੇ ਇਕ ਨਜ਼ਦੀਕੀ ਦੋਸਤ ਨੂੰ ਵੀ ਕਾਬੂ ਕਰ ਲਿਆ ਗਿਆ ਹੈ, ਜੋ ਲੜਕੀ ਨੂੰ ਇੱਥੋਂ ਲੈਣ ਆਇਆ ਸੀ। ਪੁਲਿਸ ਵਲੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਾਕੀ ਨਾਮਜ਼ਦ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ। ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿਚ ਸਾਬਕਾ ਕੌਂਸਲਰ ਨਰਿੰਦਰ ਵਰਮਾ, ਨਰੇਸ਼ ਗੋਇਲ, ਅਨੁਜ ਧਵਨ, ਸਚਿਨ ਸੇਤੀਆ, ਲਲਿਤ ਸੋਨੀ, ਰਾਜੇਸ਼ ਪੁਰੋਹਿਤ ਸਮੇਤ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀ ਅਤੇ ਵਪਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਦਿਨ-ਦਿਹਾੜੇ ਕੱਪੜਿਆਂ ਦੀ ਦੁਕਾਨ ’ਤੋਂ ਹਜ਼ਾਰਾਂ ਰੁਪਏ ਦੇ ਸੂਟ ਲੈ ਕੇ ਫ਼ਰਾਰ ਹੋਏ ਨੌਜਵਾਨ ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਅਧੀਨ ਜ਼ਿਲ੍ਹਾ ਟਾਸਕ ਫੋਰਸ ਕਮੇਟੀ ਦੀ ਮੀਟਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।