ਫ਼ਾਜ਼ਿਲਕਾ, 23 ਜੁਲਾਈ (ਦਵਿੰਦਰ ਪਾਲ ਸਿੰਘ)-‘ਖ਼ੁਸ਼ੀ ਫਾਊਂਡੇਸ਼ਨ’ ਦੀ ਚੇਅਰਪਰਸਨ ਮੈਡਮ ਖ਼ੁਸ਼ਬੂ ਸਵਨਾ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਆਪਣਾ ਜਨਮ ਦਿਨ ਮਨਾ ਕੇ ਮਾਨਵਤਾ ਦੀ ਮਿਸਾਲ ਪੇਸ਼ ਕੀਤੀ। ਉਨ੍ਹਾਂ ਨੇ ਸਕੂਲ ਪਹੁੰਚ ਕੇ ਬੱਚਿਆਂ ਨਾਲ ਕੇਕ ਕੱਟਿਆ ਅਤੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਮੈਡਮ ਖ਼ੁਸ਼ਬੂ ਸਵਨਾ ਨੇ ਕਿਹਾ ਕਿ ਇਹ ਬੱਚੇ ਰੱਬ ਦਾ ਰੂਪ ਹਨ ਅਤੇ ਇਨ੍ਹਾਂ ਦੇ ਵਿਚਕਾਰ ਆ ਕੇ ਮਨ ਨੂੰ ਆਤਮਿਕ ਸਕੂਨ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਬਾਅਦ ਵੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਉਨ੍ਹਾਂ ਨੇ ਇਨ੍ਹਾਂ ਬੱਚਿਆਂ ਨਾਲ ਹੀ ਕੀਤੀ ਸੀ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਹ ਬੱਚੇ ਜ਼ਿੰਦਗੀ ’ਚ ਖ਼ੂਬ ਤਰੱਕੀ ਕਰਨ। ਉਨ੍ਹਾਂ ਸਕੂਲ ਦੇ ਅਧਿਆਪਕਾਂ ਵੱਲੋਂ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਕੀਤੀ ਜਾ ਰਹੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਹਮੇਸ਼ਾ ਜ਼ਰੂਰਤਮੰਦਾਂ ਅਤੇ ਵਿਸ਼ੇਸ਼ ਬੱਚਿਆਂ ਦੀ ਮਦਦ ਲਈ ਤਤਪਰ ਰਹਿਣਗੇ। ਸਕੂਲ ਸਟਾਫ਼ ਅਤੇ ਬੱਚਿਆਂ ਨੇ ਮੈਡਮ ਖ਼ੁਸ਼ਬੂ ਸਵਨਾ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।