11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸੂਬੇ ਅੰਦਰ ਮੁਹੱਲਾ ਕਲੀਨਿਕਾਂ ਦੇ ਉਦਘਾਟਨ ਕਰ ਰਹੇ ਹਨ ਵਿਧਾਇਕ ਅਤੇ ਦੂਸਰੇ ਪਾਸੇ ਸਰਕਾਰੀ ਹਸਪਤਾਲਾਂ ਵਿਚ ਖੁੱਲ੍ਹ ਰਹੀਆਂ ਪ੍ਰਾਈਵੇਟ ਹਸਪਤਾਲ ਦੀਆਂ ਓ.ਪੀ.ਡੀ-ਅਵਤਾਰ ਮਹਿਮਾ ਦਿੱਲੀ ਵਿਦਿਆਰਥੀਆਂ ਦੇ ਹੱਕ ਵਿਚ ਥਾਲ਼ੀਆਂ ਕੁੱਟਣ ਵਾਲੇ ਖੁਦ ਸੂਬੇ ਅੰਦਰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ’ਤੇ ਕਰ ਰਹੇ ਲਾਠੀਚਾਰਜ-ਭੁੱਲਰ/ਹਰਾਜ

ਅਜੀਤ ਡੈਸਕ 27-07-2026


ਫ਼ਿਰੋਜ਼ਪੁਰ, 26 ਜੁਲਾਈ (ਕੁਲਬੀਰ ਸਿੰਘ ਸੋਢੀ)-ਬੀਤੇ ਦਿਨ ਫ਼ਿਰੋਜ਼ਪੁਰ ਵਿਚ ਤਿੰਨ ਨਵੇਂ ਆਮ ਆਦਮੀ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨ ਵੇਲੇ ਲੋਕਾਂ ਨੂੰ ਫ਼ਰੀ ਇਲਾਜ ਮੁਹੱਈਆ ਕਰਾਉਣ ਦਾ ਦਾਅਵਾ ਕਰਨ ਵਾਲੇ ਹਲਕਾ ਵਿਧਾਇਕ ਉੱਪਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾਂ ਵਲੋਂ ਤੰਜ ਕੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਆਪਣੇ ਹੀ ਸ਼ਹਿਰ ਅੰਦਰ ਆਮ ਲੋਕਾਂ ਨੂੰ ਮਾੜੀ ਮੋਟੀ ਸਿਹਤ ਸਹੂਲਤ ਪ੍ਰਦਾਨ ਕਰਨ ਵਾਲਾ ਸਿਵਲ ਹਸਪਤਾਲ ਨਿੱਜੀ ਹੱਥਾਂ ਵਿਚ ਜਾਣ ਤੋਂ ਨਹੀਂ ਰੋਕ ਸਕੇ, ਬਲਕਿ ਸਿਵਲ ਹਸਪਤਾਲ ਵਿਚ ਪ੍ਰਾਈਵੇਟ ਹਸਪਤਾਲ ਦੀ ਓ.ਪੀ.ਡੀ ਸ਼ੁਰੂ ਹੋਣ ਤੇ ਸਾਜਸ਼ੀ ਚੁੱਪ ਧਾਰ ਕੇ ਨਿੱਜੀਕਰਨ ਦੇ ਪੱਖ ਵਿਚ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਮੁਹੱਲਾ ਕਲੀਨਿਕਾਂ ’ਤੇ ਪੈਸੇ ਬਰਬਾਦ ਕੀਤੇ ਜਾ ਰਹੇ ਹਨ, ਜਦਕਿ ਮੁੱਖ ਹਸਪਤਾਲ ਅੰਦਰ ਵੱਡੇ ਪੱਧਰ ’ਤੇ ਸਹੂਲਤਾਂ ਦੀ ਘਾਟ ਸਾਫ਼ ਤੌਰ ’ਤੇ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਈ ਕਈ ਮਹੀਨੇ ਤਾਂ ਐਕਸਰੇ ਮਸ਼ੀਨ ਠੀਕ ਨਹੀਂ ਹੁੰਦੀ ਅਤੇ ਲੋਕਾਂ ਨੂੰ ਮਜਬੂਰੀ ਵੱਸ ਪ੍ਰਾਈਵੇਟ ਤੌਰ ’ਤੇ ਐਕਸਰੇ ਕਰਵਾਉਣੇ ਪੈਂਦੇ ਹਨ। ਉਨ੍ਹਾਂ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਕਿ ਗਰੀਬ ਜਨਤਾ ਦੇ ਆਰਥਿਕ ਸ਼ੋਸ਼ਣ ’ਤੇ ਨਕੇਲ ਪਾਉਣ ਲਈ ਹਸਪਤਾਲ ਵਿਚ ਖੁੱਲ੍ਹੀ ਨਿੱਜੀ ਹਸਪਤਾਲ ਦੀ ਓ.ਪੀ.ਡੀ ਨੂੰ ਬੰਦ ਕਰਵਾ ਕੇ ਮਾਹਿਰ ਡਾਕਟਰ ਉਪਲਬਧ ਕਰਵਾਉਣ। ਕਿਸਾਨ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਭੁੱਲਰ ਨੇ ਕਿਹਾ ਕਿ ਦੇਸ਼ ਦੀ ਮਾੜੀ ਸਿੱਖਿਆ ਪ੍ਰਣਾਲੀ ਦੇ ਖ਼ਿਲਾਫ਼ ਦੇਸ਼ ਦੇ ਵਿਦਿਆਰਥੀ ਨੌਜਵਾਨ ਲੜ ਰਹੇ ਹਨ, ਜਿਨ੍ਹਾਂ ਉੱਪਰ ਦਿੱਲੀ ਵਿਖੇ ਮੋਦੀ ਸਰਕਾਰ ਨੇ ਤਸ਼ੱਦਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਬੀਤੇ ਦਿਨ ਸੂਬੇ ਭਰ ਵਿਚ ਮੋਦੀ ਸਰਕਾਰ ਦੇ ਜਬਰ ਖ਼ਿਲਾਫ਼ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਥਾਲ਼ੀਆਂ ਕੁੱਟਦੀ ਦਿਖਾਈ ਦਿੱਤੀ ਅਤੇ ਦੂਜੇ ਪਾਸੇ ਦੇਖੀਏ ਤਾਂ ਸੂਬੇ ਦੀ ਸਰਕਾਰ ਆਪਣੇ ਹੱਕ ਮੰਗ ਰਹੇ ਕਿਸਾਨਾਂ, ਮਜ਼ਦੂਰਾਂ, ਸਫ਼ਾਈ ਸੇਵਕ ਅਤੇ ਮੁਲਾਜ਼ਮਾਂ ਨੂੰ ਲਗਾਤਾਰ ਕੁੱਟ ਰਹੀ ਹੈ ਅਤੇ ਜਬਰ ਦੇ ਰਾਹ ਪਈ ਹੋਈ ਹੈ ਜੋ ਇਨ੍ਹਾਂ ਲੀਡਰਾਂ ਨੂੰ ਦਿਖਾਈ ਨਹੀਂ ਦਿੰਦਾ ਤੇ ਚੁੱਪੀ ਵੱਟ ਕੇ ਆਪਣਾ ਉੱਲੂ ਸਿੱਧਾ ਕਰਨ ਵਿਚ ਲੱਗੇ ਹੋਏ ਹਨ। ਇਸ ਪ੍ਰਤੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਇਨ੍ਹਾਂ ਆਗੂਆਂ ਅਤੇ ਕਾਰਕੁਨਾਂ ਦਾ ਦੋਗਲਾ ਰਵੱਈਆ ਸਾਹਮਣੇ ਆ ਰਿਹਾ ਹੈ। ਆਗੂਆਂ ਨੇ ਕਿਹਾ ਕਿ ਬੀਤੇ ਦਿਨ ਫ਼ਿਰੋਜ਼ਪੁਰ ਸ਼ਹਿਰ ਅੰਦਰ ਆਪ ਦੇ ਸੀਨੀਅਰ ਲੀਡਰ ਅਤੇ ਕੁਝ ਆਪ ਮੁਹਾਰੇ ਬਣੇ ਲੀਡਰ ਥਾਲ਼ੀਆਂ ਕੁੱਟ ਕੇ ਹਾਏ ਮੋਦੀ ਹਾਏ ਮੋਦੀ ਦੇ ਨਾਅਰੇ ਲਗਾ ਰਹੇ ਸਨ ਅਤੇ ਲੋਕ ਇਨ੍ਹਾਂ ਦੀ ਇਸ ਰੋਸ ਰੈਲੀ ’ਤੇ ਤੰਜ ਕੱਸਦੇ ਨਜ਼ਰ ਆਏ ਕਿ ਪਹਿਲਾ ਆਪਣੀ ਪੀੜੀ ਥੱਲੇ ਸੋਟਾ ਮਾਰੋ, ਕਿ ਤੁਹਾਡੀ ਸਰਕਾਰ ਪੰਜਾਬ ਵਿਚ ਕੀ ਕਰ ਰਹੀ ਹੈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਪ੍ਰਧਾਨ ਮਲਕੀਤ ਸਿੰਘ ਹਰਾਜ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਕਲੀ ਮਾਡਲ ਵਾਲੀ ਸਰਕਾਰ ਇਕ ਪਾਸੇ ਅਧਿਆਪਕਾਂ ਤੋਂ ਬਹੁਤ ਵੱਡੀ ਪੱਧਰ ’ਤੇ ਗ਼ੈਰ ਵਿੱਦਿਅਕ ਕੰਮ ਲੈ ਰਹੀ ਹੈ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ, ਉੱਥੇ ਨਾ ਸਿਰਫ਼ ਅਧਿਆਪਕਾਂ ਦੇ ਮਹਿੰਗਾਈ ਭੱਤੇ, ਪੁਰਾਣੀ ਪੈਨਸ਼ਨ ਦੇਣ ਤੋਂ ਸ਼ਰੇਆਮ ਟਾਲ਼ਾ ਵੱਟ ਲਿਆ ਹੈ। ਇਸ ਦੇ ਨਾਲ ਹੀ ਏਡਿਡ ਸਕੂਲਾਂ ਦੇ ਦੇ ਅਧਿਆਪਕਾਂ ਦੀ ਪਿਛਲੇ 16 ਮਹੀਨਿਆਂ ਦੀ ਤਨਖ਼ਾਹ ਨਹੀਂ ਜਾਰੀ ਕੀਤੀ ਗਈ। ਜਿਸ ਨਾਲ ਅਖੌਤੀ ਸਿੱਖਿਆ ਕ੍ਰਾਂਤੀ ਬੱਸ ਗੱਲ ਅਤੇ ਪੋਸਟਰਾਂ ਤੱਕ ਸੀਮਤ ਰਹਿ ਗਈ ਹੈ। ਆਗੂਆਂ ਨੇ ਕਿਹਾ ਕਿ ਬੀਤੇ ਦਿਨ ਜੋ ਜਬਰ ਜ਼ੁਲਮ ਪੁਲਿਸ ਨੇ ਬਰਨਾਲੇ ਵਿਖੇ ਸਫ਼ਾਈ ਸੇਵਕਾਂ ਨੂੰ ਕੁੱਟ ਕੇ ਦਿਖਾਇਆ ਹੈ, ਉਸ ਅਨੁਸਾਰ ਲੱਗਦਾ ਹੈ ਕਿ ਜਲਦ ਦਿੱਲੀ ਦੇ ਨੌਜਵਾਨਾਂ ਵਾਂਗ ਪੰਜਾਬ ਅੰਦਰ ਵੀ ਇਕ ਵੱਡਾ ਤੂਫ਼ਾਨ ਆਏਗਾ, ਜੋ ਆਪ ਦੀ ਸਿਆਸਤ ਦੀਆਂ ਜੜਾ ਨੂੰ ਹਿਲਾ ਕੇ ਰੱਖ ਦੇਵੇਗਾ।
ਪਿਛਲੀ ਖ਼ਬਰ ਰਜਵਾਹੇ ’ਚੋਂ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਆਮ ਆਦਮੀ ਕਲੀਨਿਕਾਂ ਦੇ ਡਾਕਟਰਾਂ ਅਤੇ ਸਟਾਫ਼ ਵਲੋਂ ਅੱਜ ਤੋਂ ਓ.ਪੀ.ਡੀ.ਸੇਵਾਵਾਂ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।