ਫ਼ਿਰੋਜ਼ਪੁਰ, 31 ਜੁਲਾਈ (ਕੁਲਬੀਰ ਸਿੰਘ ਸੋਢੀ)-ਹਲਕਾ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਨਾਮਦੇਵ ਚੌਂਕ ਤੋਂ ਬਾਗ਼ੀ ਰੋਡ, ਗੋਬਿੰਦ ਨਗਰੀ ਰਾਹੀਂ ਬਰਟ ਰੋਡ ਤੱਕ ਲਗਭਗ 48 ਲੱਖ ਦੀ ਲਾਗਤ ਨਾਲ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ ਗਈ। ਵਿਧਾਇਕ ਭੁੱਲਰ ਨੇ ਕਿਹਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਮਜ਼ਬੂਤੀ, ਨਿਰਮਾਣ ਅਤੇ ਸੁਧਾਰ ਨਾਲ ਆਵਾਜਾਈ ਸੁਖਾਲੀ ਹੋਵੇਗੀ ਅਤੇ ਆਮ ਲੋਕਾਂ ਨੂੰ ਰੋਜ਼ਾਨਾ ਦੀ ਆਵਾਜਾਈ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਵਿਕਾਸ ਕਾਰਜ ਪੂਰੇ ਫ਼ਿਰੋਜ਼ਪੁਰ ਵਾਸੀਆਂ ਲਈ ਲਾਭਕਾਰੀ ਸਾਬਤ ਹੋਣਗੇ ਅਤੇ ਸ਼ਹਿਰ ਦੀ ਸੁੰਦਰਤਾ ਅਤੇ ਢਾਂਚਾਗਤ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਜ਼ਮੀਨੀ ਪੱਧਰ ’ਤੇ ਲਾਗੂ ਕਰ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਦੌਰਾਨ ਟਰੈਫਿਕ ਪ੍ਰਬੰਧ ਸੁਚੱਜੇ ਢੰਗ ਨਾਲ ਬਣਾਈ ਰੱਖਿਆ ਜਾਵੇ ਤਾਂ ਜੋ ਲੋਕਾਂ ਨੂੰ ਅਸੁਵਿਧਾ ਨਾ ਹੋਵੇ। ਇਸ ਮੌਕੇ ਨਿੱਜੀ ਸਕੱਤਰ ਹਿਮਾਂਸ਼ੂ ਠੱਕਰ, ਨੇਕ ਪ੍ਰਤਾਪ ਬਾਵਾ, ਰਾਜ ਬਹਾਦੁਰ ਸਿੰਘ, ਗੁਰਭੇਜ ਸਿੰਘ, ਐੱਮ.ਸੀ ਵਿੱਕੀ ਚਾਹਲ, ਰਾਜਨ ਮਹਿਤਾ, ਐੱਮ.ਸੀ ਨਰੇਸ਼ ਕੰਤੋੜ ਆਦਿ ਹਾਜ਼ਰ ਸਨ।