ਸਿੱਖਿਆ ਸੰਸਥਾਵਾਂ ’ਚ ਅਧਿਆਪਕ ਦਿਵਸ ਧੂਮਧਾਮ ਨਾਲ ਮਨਾਇਆ
ਵਾਹਿਗੁਰੂ ਕਾਲਜ
ਅਬੋਹਰ, 5 ਸਤੰਬਰ (ਵਿਵੇਕ ਹੂੜੀਆ)-ਵਾਹਿਗੁਰੂ ਕਾਲਜ ਵਿਖੇ ਅਧਿਆਪਕ ਦਿਵਸ ਮੌਕੇ ਵਿਦਿਆਰਥੀਆਂ ਵਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਡਾ. ਸੰਦੇਸ਼ ਤਿਆਗੀ ਨੇ ਮੁੱਖ ਬੁਲਾਰੇ ਅਤੇ ਕਾਲਜ ਦੇ ਡਾਇਰੈਕਟਰ ਰਿਧਮ ਵਿਜੇ ਅਹੂਜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਅ
ਅਬੋਹਰ ਦੇ ਐਮ.ਡੀ.ਕਾਲਜ ਵਿਖੇ ਅਧਿਆਪਕ ਦਿਵਸ ਮਨਾਉਣ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ। (ਸੱਜੇ) ਡੀ.ਏ.ਵੀ.ਸਕੂਲ ਹਰੀਪੁਰਾ ਵਿਖੇ ਅਧਿਆਪਕ ਦਿਵਸ ਮੌਕੇ ਹਵਨ ਯੱਗ ਵਿਚ ਅਹੂਤੀਆਂ ਪਾਉਂਦੇ ਹੋਏ ਸਕੂਲ ਅਧਿਆਪਕ। ਤਸਵੀਰ-ਸੁਖਜੀਤ ਸਿੰਘ ਬਰਾੜ, ਅਜੀਤ ਤਸਵੀਰ
06-09-2026
ਅਬੋਹਰ, 5 ਸਤੰਬਰ (ਵਿਵੇਕ ਹੂੜੀਆ)-ਵਾਹਿਗੁਰੂ ਕਾਲਜ ਵਿਖੇ ਅਧਿਆਪਕ ਦਿਵਸ ਮੌਕੇ ਵਿਦਿਆਰਥੀਆਂ ਵਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਡਾ.ਸੰਦੇਸ਼ ਤਿਆਗੀ ਨੇ ਮੁੱਖ ਬੁਲਾਰੇ ਅਤੇ ਕਾਲਜ ਦੇ ਡਾਇਰੈਕਟਰ ਰਿਧਮ ਵਿਜੇ ਅਹੂਜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ.ਤਿਆਗੀ ਨੇ ਕਿਹਾ ਕਿ ਵਿਦਿਆਰਥੀ ਦਾ ਅਧਿਆਪਕ ’ਤੇ ਪੂਰਾ ਭਰੋਸਾ ਹੁੰਦਾ ਹੈ ਤੇ ਇਸ ਭਰੋਸੇ ਨੂੰ ਬਰਕਰਾਰ ਰੱਖਣਾ ਅਧਿਆਪਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਅਧਿਆਪਕਾਂ ਨੂੰ ਤਰਕਸ਼ੀਲ ਹੋਣ ਤੇ ਵਿਦਿਆਰਥੀਆਂ ਵਿਚ ਵਿਗਿਆਨਿਕ ਸੋਚ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਗੁਰਚਰਨ ਸਿੰਘ ਬਰਾੜ, ਡਾ. ਬਲਜੀਤ ਕੌਰ, ਅਸਿਸਟੈਂਟ ਪ੍ਰੋ. ਰਾਜਵੀਰ ਕੌਰ, ਪਵਨ ਕੁਮਾਰ ਸਮੇਤ ਕਈ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਰੱਖੇ। ਵਿਦਿਆਰਥੀਆਂ ਨੇ ਕਵਿਤਾ, ਗੀਤ ਤੇ ਖੇਡ ਮੁਕਾਬਲਿਆਂ ਰਾਹੀਂ ਅਧਿਆਪਕਾਂ ਪ੍ਰਤੀ ਆਪਣਾ ਸਤਿਕਾਰ ਪ੍ਰਗਟਾਇਆ। ਪ੍ਰੋਗਰਾਮ ਦਾ ਸੰਚਾਲਨ ਲਵਪ੍ਰੀਤ ਸਿੰਘ ਤੇ ਲਵਪ੍ਰੀਤ ਕੌਰ ਨੇ ਕੀਤਾ ਜਦਕਿ ਪ੍ਰੋਗਰਾਮ ਇੰਚਾਰਜ ਪ੍ਰੋ. ਸੁਮਨ ਸਵਾਮੀ ਨੇ ਸਭ ਦਾ ਧੰਨਵਾਦ ਕੀਤਾ। ਰੇਡੀਐਂਟ ਪਬਲਿਕ ਸਕੂਲ ਮੰਡੀ ਅਰਨੀਵਾਲਾ, (ਨਿਸ਼ਾਨ ਸਿੰਘ ਮੋਹਲ਼ਾ)- ਰੇਡੀਐਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਹੂਆਣਾ ਬੋਦਲਾ ਵਿਖੇ ਅਧਿਆਪਕ ਦਿਵਸ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਨੈਸ਼ਨਲ ਅਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ, ਲੈਕਚਰਾਰ ਸੁਰਿੰਦਰ ਕੁਮਾਰ ਅਤੇ ਪੰਜਾਬੀ ਮਾਸਟਰ ਮੋਹਨ ਲਾਲ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਚੇਅਰਮੈਨ ਕਪਿਲ ਦਹੂਜਾ, ਸੈਕਟਰੀ ਰਮੇਸ਼ ਗੁੰਬਰ, ਐਗਜ਼ੀਕਿਊਟਿਵ ਡਾਇਰੈਕਟਰ ਪੰਕਜ ਧਮੀਜਾ, ਪ੍ਰਿੰਸੀਪਲ ਨੀਤੀ ਸਿੰਘ ਅਤੇ ਅਕਾਦਮਿਕ ਇੰਚਾਰਜ ਡਾ.ਗੁਰਵੀਨ ਕੌਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਮੁੱਖ ਮਹਿਮਾਨਾਂ ਤੇ ਸਕੂਲ ਪ੍ਰਬੰਧਕਾਂ ਨੇ ਆਪਣੇ ਸੰਬੋਧਨ ਵਿਚ ਅਧਿਆਪਕਾਂ ਨੂੰ ਸਮਾਜ ਦਾ ਮਾਰਗਦਰਸ਼ਕ ਤੇ ਰਾਸ਼ਟਰ ਦਾ ਨਿਰਮਾਤਾ ਦੱਸਦਿਆਂ ਉਨ੍ਹਾਂ ਦੀ ਮਹੱਤਤਾ ’ਤੇ ਚਾਨਣਾ ਪਾਇਆ। ਚਾਣਕਿਆ ਸਕੂਲ ਫ਼ਾਜ਼ਿਲਕਾ, (ਦਵਿੰਦਰ ਪਾਲ ਸਿੰਘ)- ਚਾਣਕਿਆ ਸਕੂਲ ਵਿਖੇ ਅਧਿਆਪਕ ਦਿਵਸ ਬੜੇ ਹੀ ਉਤਸ਼ਾਹ, ਹੁਲਾਸ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਅਧਿਆਪਕਾਂ ਦੇ ਅਤੁਲਯ ਯੋਗਦਾਨ ਪ੍ਰਤੀ ਸਤਿਕਾਰ ਅਤੇ ਧੰਨਵਾਦ ਦੀ ਭਾਵਨਾ ਸਮਝਾਉਣਾ ਸੀ। ਸਮਾਗਮ ਦੌਰਾਨ ਅਧਿਆਪਕਾਂ ਲਈ ਵੱਖ-ਵੱਖ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ ਜਿਸ ’ਚ ਅਧਿਆਪਕਾਂ ਨੇ ਬੜੇ ਚਾਅ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਬਣਾਏ ਖ਼ੂਬਸੂਰਤ ‘ਹੈਂਡਮੇਡ ਕਾਰਡ’ ਭੇਟ ਕਰਕੇ ਆਪਣੇ ਅਧਿਆਪਕਾਂ ਪ੍ਰਤੀ ਪਿਆਰ ਪ੍ਰਗਟਾਇਆ। ਇਸ ਮੌਕੇ ਸਕੂਲ ਵਲੋਂ ਅਧਿਆਪਕਾਂ ਦੇ ਸਮਰਪਣ ਤੇ ਮਿਹਨਤ ਦੇ ਸਨਮਾਨ ਵਜੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਵੰਦਨਾ ਮੱਕੜ ਨੇ ਅਧਿਆਪਕ ਦਿਵਸ ਦੀ ਵਧਾਈ ਦਿੱਤੀ। ਐਮ.ਡੀ. ਕਾਲਜ ਅਬੋਹਰ, (ਸੁਖਜੀਤ ਸਿੰਘ ਬਰਾੜ)- ਸਥਾਨਕ ਐਮ.ਡੀ.ਕਾਲਜ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਵਿਚਕਾਰ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ। ਇਸ ਦੌਰਾਨ ਸੰਬੋਧਨ ਕਰਦਿਆਂ ਕਾਲਜ ਦੇ ਨਿਰਦੇਸ਼ਕ ਆਰ.ਪੀ. ਅਸੀਜਾ ਨੇ ਕਿਹਾ ਕਿ ਅਧਿਆਪਕ ਵਿਦਿਆਰਥੀ ਨੂੰ ਸਿੱਖਿਆ ਹੀ ਨਹੀਂ ਦਿੰਦਾ ਸਗੋਂ ਉਸ ਨੂੰ ਜੀਵਨ ਵਿਚ ਸਫਲ ਇਨਸਾਨ ਬਣਾਉਣ ਲਈ ਪੂਰੇ ਗੁਰ ਵੀ ਸਿਖਾਉਂਦਾ ਹੈ। ਉਨ੍ਹਾਂ ਅਧਿਆਪਕ ਦਿਵਸ ਦੀਆਂ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਪ੍ਰਿੰਸੀਪਲ ਸੁਨੀਤਾ ਆਰੀਆ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ। ਡੀ.ਏ.ਵੀ. ਸਕੂਲ ਹਰੀਪੁਰਾ ਅਬੋਹਰ, (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)- ਸ਼੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਹਰੀਪੁਰਾ ਵਿਖੇ ਅਧਿਆਪਕ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੀ ਯੱਗਸ਼ਾਲਾ ਵਿਚ ਵੈਦਿਕ ਰੀਤੀ-ਰਿਵਾਜਾਂ ਅਨੁਸਾਰ ਹਵਨ ਯੱਗ ਨਾਲ ਹੋਈ ਜਿਸ ਵਿਚ ਪ੍ਰਿੰਸੀਪਲ ਸੁਖਦੇਵ ਸਿੰਘ ਅਤੇ ਸਮੂਹ ਅਧਿਆਪਕਾਂ ਨੇ ਅਹੂਤੀਆਂ ਪਾਈਆਂ। ਉਪਰੰਤ ਸਟਾਫ਼ ਨੇ ਡਾ.ਸਰਵਪੱਲੀ ਰਾਧਾਕ੍ਰਿਸ਼ਨਨ ਦੀ ਤਸਵੀਰ ’ਤੇ ਫ਼ੁਲ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਵਿਦਿਆਰਥੀਆਂ ਵਿਚ ਪੜ੍ਹਨ ਦੀ ਰੁਚੀ ਵਧਾਉਣ ਦੇ ਮਕਸਦ ਨਾਲ ਅਧਿਆਪਕਾਂ ਨੇ ਸਕੂਲ ਲਾਇਬ੍ਰੇਰੀ ਨੂੰ ਲਾਭਦਾਇਕ ਪੁਸਤਕਾਂ ਦਾਨ ਕੀਤੀਆਂ। ਪ੍ਰਿੰਸੀਪਲ ਸੁਖਦੇਵ ਸਿੰਘ ਨੇ ਅਧਿਆਪਕਾਂ ਦੇ ਸਮਰਪਣ ਅਤੇ ਮਿਹਨਤ ਦੀ ਸ਼ਲਾਘਾ ਕੀਤੀ।